ਬੰਗਾ (ਸੁਰਜੀਤ ਮਜਾਰੀ): ਪਿੰਡ ਮਾਹਿਲ ਗਹਿਲਾਂ ਵਿੱਚ ਪਤੀ ਵੱਲੋਂ ਆਪਣੀ ਪਤਨੀ ਦੀ ਕਥਿਤ ਤੌਰ ’ਤੇ ਹੱਤਿਆ ਕਰ ਦਿੱਤੀ ਗਈ ਹੈ। ਮਿਤ੍ਰਕ ਦੀ ਪਛਾਣ ਮੋਨਿਕਾ (35) ਵਜੋਂ ਹੋਈ ਹੈ। ਉਸ ਦਾ ਰੱਸੀ ਨਾਲ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੈ। ਉਸ ਦੇ ਪਤੀ ਬਲਰਾਜ ਨੂੰ ਮੌਕੇ ’ਤੇ ਹੀ ਪੁਲੀਸ ਵੱਲੋਂ ਕਾਬੂ ਕਰ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੋਨਿਕਾ ਦਾ ਜੱਦੀ ਪਿੰਡ ਢੱਕ ਮਜਾਰਾ ਸੀ। ਉਹ 10 ਸਾਲਾਂ ਤੋਂ ਮਾਹਿਲ ਗਹਿਲਾਂ ਵਿੱਚ ਵਿਆਹੀ ਹੋਈ ਸੀ ਅਤੇ ਉਸ ਦਾ ਤਿੰਨ ਸਾਲਾਂ ਦਾ ਬੱਚਾ ਵੀ ਹੈ। ਇਸ ਕਤਲ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਥਾਣਾ ਸਦਰ ਦੇ ਮੁਖੀ ਪਵਨ ਕੁਮਾਰ ਮੌਕੇ ’ਤੇ ਪੁੱਜ ਗਏ। ਉਨ੍ਹਾਂ ਦੱਸਿਆ ਕਿ ਮੋਨਿਕਾ ਦੇ ਭਰਾ ਬਲਕਾਰ ਦੇ ਬਿਆਨਾਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਬਲਕਾਰ ਅਨੁਸਾਰ ਉਸ ਦੀ ਭੈਣ ਦੇ ਪਤੀ ਦੇ ਕਿਸੇ ਔਰਤ ਨਾਲ ਕਥਿਤ ਤੌਰ ’ਤੇ ਨਾਜਾਇਜ਼ ਸਬੰਧ ਸਨ।