ਸਿਮਰਤ ਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 11 ਜਨਵਰੀ
ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਦੇ ਬਾਹਰ ਚੱਲ ਰਿਹਾ ‘ਰੇਲ ਰੋਕੋ ਅੰਦੋਲਨ’ ਅੱਜ 110ਵੇਂ ਦਿਨ ਵੀ ਕੜਾਕੇ ਦੀ ਠੰਢ ’ਚ ਜਾਰੀ ਰਿਹਾ। ਅੱਜ ਜ਼ੋਨ ਪ੍ਰਧਾਨ ਸਾਹਬ ਸਿੰਘ ਦੀਨੇ ਕੇ ਅਤੇ ਗੁਰਮੇਲ ਸਿੰਘ ਫੱਤੇਵਾਲਾ ਦੀ ਅਗਵਾਈ ਹੇਠ ਜਥਾ ਨਾਅਰੇਬਾਜ਼ੀ ਕਰਦਿਆਂ ਅੰਦੋਲਨ ’ਚ ਸ਼ਾਮਲ ਹੋਇਆ। ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਗੁਰਬਚਨ ਸਿੰਘ ਚੱਬਾ ਨੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡਾਂ ਵਿੱਚੋਂ ਹਜ਼ਾਰਾਂ ਟਰੈਕਟਰ ਟਰਾਲੀਆਂ ਵੱਡੇ ਪੱਧਰ ’ਤੇ ਤਿਆਰ ਹੋ ਚੁੱਕੇ ਹਨ, ਜਿਨ੍ਹਾਂ ਨੂੰ 12 ਜਨਵਰੀ ਨੂੰ ਗੋਲਡਨ ਗੇਟ ਅੰਮ੍ਰਿਤਸਰ ਤੋਂ ਗੁਰਬਚਨ ਸਿੰਘ ਚੱਬਾ, ਲਖਵਿੰਦਰ ਸਿੰਘ ਵਰਿਆਮ, ਜਰਮਨਜੀਤ ਸਿੰਘ ਬੰਡਾਲਾ ਦੀ ਅਗਵਾਈ ਹੇਠ ਦਿੱਲੀ ਮੋਰਚੇ ਵਿੱਚ ਸ਼ਾਮਲ ਹੋਣ ਲਈ ਰਵਾਨਾ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ 26 ਜਨਵਰੀ ਨੂੰ ਹੋਣ ਵਾਲੀ ਗਣਤੰਤਰ ਦਿਵਸ ਪਰੇਡ ਵਿੱਚ ਵੀ ਵੱਡੀ ਪੱਧਰ ’ਤੇ ਟਰੈਕਟਰਾਂ ਸਮੇਤ ਸ਼ਮੂਲੀਅਤ ਕੀਤੀ ਜਾਵੇਗੀ। ਆਗੂਆਂ ਨੇ ਭਾਜਪਾ ਦੀ ਰੈਲੀ ਦਾ ਸ਼ਾਂਤਮਈ ਵਿਰੋਧ ਕਰ ਰਹੇ ਕਿਸਾਨਾਂ ਉਪਰ ਅੱਥਰੂ ਗੈਸ ਦੇ ਗੋਲੇ, ਪਾਣੀ ਦੀਆਂ ਬੁਛਾੜਾਂ ਤੇ ਲਾਠੀਚਾਰਜ ਕਰਨ ਦੀ ਨਿਖੇਧੀ ਕੀਤੀ। ਇਸੇ ਤਰ੍ਹਾਂ ਸੰਘਰਸ਼ ਕਮੇਟੀ ਵੱਲੋਂ ਦਿੱਲੀ ਦੀ ਕੁੰਡਲੀ ਹੱਦ ’ਤੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਸਵਿੰਦਰ ਸਿੰਘ ਚੁਤਾਲਾ ਤੇ ਜਸਬੀਰ ਸਿੰਘ ਪਿੱਦੀ ਦੀ ਅਗਵਾਈ ਹੇਠ ਮੋਰਚਾ ਨਿਰੰਤਰ ਜਾਰੀ ਹੈ। ਇਸੇ ਤਰ੍ਹਾਂ ਨਿਜਰਪੁਰਾ ਟੌਲ ਪਲਾਜ਼ਾ ’ਤੇ ਅੱਜ ਇਕਵਾਕ ਸਿੰਘ ਪੱਟੀ ਦੀ ਅਗਵਾਈ ਹੇਠ ਪੰਜ ਜਣਿਆਂ ਨੇ ਭੁੱਖ ਹੜਤਾਲ ਕੀਤੀ। ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਚਾਟੀਵਿੰਡ ਨੇ ਦੱਸਿਆ ਕਿ ਅੱਜ ਹਰਜੀਤ ਸਿੰਘ ਅੰਮ੍ਰਿਤਸਰ, ਗੁਰਦੀਪ ਸਿੰਘ ਚਾਟੀਵਿੰਡ, ਸਕੱਤਰ ਸਿੰਘ ਰਟੌਲ ਅਤੇ ਦਵਿੰਦਰ ਸਿੰਘ ਚਾਟੀਵਿੰਡ ਨੇ ਭੁੱਖ ਹੜਤਾਲ ਕੀਤੀ। ਧਰਨੇ ਦੇ 101ਵੇਂ ਦਿਨ ਸੰਬੋਧਨ ਕਰਦਿਆਂ ਜ਼ੋਨ ਬਾਬਾ ਭੂਰੇਵਾਲਾ ਦੇ ਪ੍ਰਧਾਨ ਮੰਗਲ ਸਿੰਘ ਰਾਮਪੁਰਾ ਨੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਤੁਰੰਤ ਰੱਦ ਕਰਨ ਦੀ ਅਪੀਲ ਕੀਤੀ।