ਜਗਮੋਹਨ ਸਿੰਘ
ਰੂਪਨਗਰ, 18 ਸਤੰਬਰ
ਜ਼ਿਲ੍ਹਾ ਰੂਪਨਗਰ ਦੇ ਸਟੋਨ ਕਰੱਸ਼ਰ ਤੇ ਸਕਰੀਨਿੰਗ ਪਲਾਂਟ ਮਾਲਕਾਂ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਹੁਕਮਾਂ ਵਿਰੁੱਧ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਅੱਜ ਰੂਪਨਗਰ ਜ਼ਿਲ੍ਹੇ ਦੇ ਕਸਬਾ ਭਰਤਗੜ੍ਹ ਵਿੱਚ ਸਟੋਨ ਕਰੱਸ਼ਰ ਐਂਡ ਸਕਰੀਨਿੰਗ ਪਲਾਂਟ ਐਸੋਸੀਏਸ਼ਨ ਜ਼ਿਲ੍ਹਾ ਇਕਾਈ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਜਵਿੰਦਰ ਸਿੰਘ ਬੇਈਹਾਰਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ ਵਿੱਚ 23 ਸਤੰਬਰ ਨੂੰ ਡਿਪਟੀ ਕਮਿਸ਼ਨਰ ਰੂਪਨਗਰ ਦੇ ਦਫ਼ਤਰ ਦਾ ਘਿਰਾਓ ਕਰ ਕੇ ਰੋਸ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਲਿਆ ਗਿਆ।
ਸ੍ਰੀ ਬੇਈਹਾਰਾ ਨੇ ਕਿਹਾ ਕਿ ਨਵੀਂ ਖਣਨ ਪਾਲਿਸੀ ਸਬੰਧੀ ਜਾਰੀ ਕੀਤੇ ਪੱਤਰ ਤਹਿਤ ਖਣਨ ਵਿਭਾਗ ਨੇ ਸਟੋਨ ਕਰੱਸ਼ਰ ਦੇ ਆਲੇ-ਦੁਆਲੇ ਚਾਰਦੀਵਾਰੀ ਕਰਵਾਉਣ ਤੇ ਹੋਰ ਲੋਕਾਂ ਵੱਲੋਂ ਕੀਤੇ ਜਾਣ ਵਾਲੇ ਨਾਜਾਇਜ਼ ਖਣਨ ਦੀ ਰਖਵਾਲੀ ਕਰਨ ਲਈ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਨਵੀਂ ਪਾਲਿਸੀ ਤਹਿਤ ਸਟੋਨ ਕਰੱਸ਼ਰ ਦੀ ਰਜਿਸਟਰੇਸ਼ਨ ਫੀਸ ਦਸ ਹਜ਼ਾਰ ਤੋਂ ਵਧਾ ਕੇ ਇੱਕ ਲੱਖ ਰੁਪਏ ਪ੍ਰਤੀ ਸਾਲ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੰਜ ਲੱਖ ਰੁਪਏ ਸਕਿਉਰਿਟੀ ਅਤੇ ਕੱਚੇ ਤੇ ਪੱਕੇ ਮਾਲ ਲਈ ਵੱਖੋ-ਵੱਖਰੇ ਕੰਢੇ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ, ਜਦਕਿ ਇੱਕ ਕੰਢੇ ਦੀ ਕੀਮਤ ਹੀ 25 ਲੱਖ ਰੁਪਏ ਹੈ। ਇਸ ਮੌਕੇ ਜਥੇਬੰਦੀ ਵੱਲੋਂ 23 ਸਤੰਬਰ ਨੂੰ ਡਿਪਟੀ ਕਮਿਸ਼ਨਰ ਰੂਪਨਗਰ ਦੇ ਦਫ਼ਤਰ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਲਿਆ ਗਿਆ।