ਸਰਬਜੀਤ ਸਿੰਘ ਭੰਗੂ
ਪਟਿਆਲਾ, 8 ਅਗਸਤ
ਪੰਜਾਬੀ ਯੂਨੀਵਰਸਿਟੀ ਵਿੱਚ ਐੱਨਐੱਸਐੱਸ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਸਮਾਗਮ ਦੌਰਾਨ ਖੇਤੀ ਵਿਰਾਸਤ ਮਿਸ਼ਨ ਅਤੇ ਕੇਕੇ ਬਿਰਲਾ ਮੈਮੋਰੀਅਲ ਸੁਸਾਇਟੀ ਦੇ ਸਾਂਝੇ ‘ਪ੍ਰਾਜੈਕਟ ਭੂਮੀ’ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਪਟਿਆਲਾ, ਸੰਗਰੂਰ, ਬਠਿੰਡਾ ਅਤੇ ਮੋਗਾ ਜ਼ਿਲ੍ਹਿਆਂ ਦੇ 140 ਪਿੰਡਾਂ ਦੇ 35 ਹਜ਼ਾਰ ਏਕੜ ’ਚ ਪਰਾਲੀ ਨੂੰ ਅੱਗ ਲਾਉਣ ਦੀ ਥਾਂ ਸੰਭਾਲਣ ਦਾ ਉਪਰਾਲਾ ਕੀਤਾ ਜਾਵੇਗਾ। ਇਸ ਪ੍ਰਾਜੈਕਟ ਦੀ ਸ਼ੁਰੂਆਤ ਮਿਸ਼ਨ ਦੇ ਮੋਢੀ ਓਮੇਂਦਰ ਦੱਤ ਅਤੇ ਸੁਸਾਇਟੀ ਦੇ ਪੀਸੀ ਸ੍ਰੀਨਿਵਾਸਨ ਦੀ ਮੌਜੂਦਗੀ ’ਚ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਾਂਝੇ ਤੌਰ ’ਤੇ ਕੀਤੀ।
ਸ੍ਰੀ ਸੰਧਵਾਂ ਨੇ ਆਰਗੈਨਿਕ ਫਾਰਮਿੰਗ ਪ੍ਰਤੀ ਸਰਕਾਰ ਦੀ ਸੁਹਿਰਦਤਾ ਦੀ ਗੱਲ ਕਰਦਿਆਂ ਉਨ੍ਹਾਂ ‘ਪੰਜਾਬ ਆਰਗੈਨਿਕ ਫਾਰਮਿੰਗ ਬੋਰਡ’ ਸਥਾਪਤ ਕਰਨ ਦੀ ਤਜਵੀਜ਼ ਬਾਰੇ ਵੀ ਜਾਣਕਾਰੀ ਦਿੱਤੀ। ਝੋਨੇ ਦੀ ਥਾਂ ਮੋਟੇ ਅਨਾਜ ਨੂੰ ਅਪਣਾਉਣ ਦਾ ਸੱਦਾ ਦਿੰਦਿਆਂ, ਉਨ੍ਹਾਂ ਨੇ ਇਸ ਦੀ ਖ਼ਰੀਦ ਦੇ ਪ੍ਰਬੰਧ ਕਰ ਕੇ ਇਨ੍ਹਾਂ ਨੂੰ ਪੌਸ਼ਟਿਕ ਆਹਾਰ ਵਜੋਂ ਮਿਡ-ਡੇਅ ਮੀਲ ਦਾ ਹਿੱਸਾ ਬਣਾਏ ਜਾਣ ਦੀ ਗੱਲ ਵੀ ਕੀਤੀ। ਸ੍ਰੀ ਸੰਧਵਾਂ ਨੇ ਝੋਨੇ ਨੂੰ ਪੰਜਾਬ ਲਈ ਸਰਾਪ ਦੱਸਿਆ। ਉਨ੍ਹਾਂ ਕਿਹਾ ਕਿ ਮੋਟੇ ਅਨਾਜ ਦੀ ਖੇਤੀ ਕਰ ਕੇ ਝੋਨੇ ਤੋਂ ਖਹਿੜਾ ਛੁਡਾਇਆ ਜਾ ਸਕਦਾ ਹੈ। ਇਸੇ ਕੜੀ ਵਜੋਂ 2023 ਕੌਮਾਂਤਰੀ ਮਿਲੇਟਸ ਵਰ੍ਹੇ ਵਜੋਂ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਪੰਜਾਬ ’ਚ ਵੀ ਵੱਡੇ ਪੱਧਰ ’ਤੇ ਮੋਟੇ ਅਨਾਜ ਦੀ ਖੇਤੀ ਸ਼ੁਰੂ ਕਰਵਾਈ ਜਾਵੇਗੀ।
ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੂੰਗੀ ਦੀ ਤਰਜ਼ ’ਤੇ ਹੀ ਮੋਟੇ ਅਨਾਜ ਦੀ ਖੇਤੀ ਲਈ ਵੀ ਉਤਸ਼ਾਹਿਤ ਕੀਤਾ ਜਾਵੇਗਾ। ਸਤੰਬਰ ’ਚ ਮੁਹਾਲੀ ਦੀ ਏਸੀ ਸਬਜ਼ੀ ਮੰਡੀ ਵਿੱਚ ਫ਼ਲਾਂ ਤੇ ਸਬਜ਼ੀਆਂ ਦਾ ਮੇਲਾ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਖੇਤੀ ਪ੍ਰਤੀ ਗੰਭੀਰਤਾ ਨਹੀਂ ਦਿਖਾਈ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਕੁਰਦਤੀ ਖੇਤੀ ਕਰਦੇ ਕਿਸਾਨ, ਸਰਕਾਰ ਤੇ ਯੂਨੀਵਰਸਿਟੀ ਦੀ ਬਣੀ ਇਹ ਤਿਕੋਣ ਇਸ ਮੁਹਿੰਮ ਨੂੰ ਸਫ਼ਲ ਬਣਾਵੇਗੀ। ਇਸ ਮੌਕੇ ਓਮੇਂਦਰ ਦੱਤ ਅਤੇ ਪੀਸੀ ਸ੍ਰੀਨਿਵਾਸਨ ਨੇ ਵੀ ਵਿਚਾਰ ਪੇਸ਼ ਕੀਤੇ। ਵਿਧਾਇਕ ਡਾ. ਬਲਬੀਰ ਸਿੰਘ ਨੇ ਧੰਨਵਾਦ ਕੀਤਾ। ਮੰਚ ਸੰਚਾਲਨ ਕੇਵੀਐੱਮ ਦੀ ਡਾਇਰੈਕਟਰ ਰੂਪਸੀ ਗਰਗ ਨੇ ਕੀਤਾ।