ਨਿੱਜੀ ਪੱਤਰ ਪ੍ਰੇਰਕ
ਜਲੰਧਰ, 27 ਜੂਨ
ਖਾੜੀ ਦੇਸ਼ਾਂ ਅਤੇ ਕੁਵੈਤ ਵਿਚ ਫਸੇ ਪੰਜਾਬੀਆਂ ਨੇ ਅੱਜ ਬਸਪਾ ਨਾਲ ਕੇਂਦਰ ਦੀ ਅਕਾਲੀ-ਭਾਜਪਾ ਸਰਕਾਰ ਅਤੇ ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਅਪਣਾਏ ਗਏ ਰੁੱਖੇ ਵਤੀਰੇ ਬਾਰੇ ਗੱਲਬਾਤ ਕੀਤੀ। ਬੀਆਰ ਅੰਬੇਡਕਰ ਸਭਾ ਕੁਵੈਤ ਦੇ ਆਗੂ ਜਗਬੀਰ ਦਿਹਾਣਾ ਨੇ 100 ਤੋਂ ਵੱਧ ਫਸੇ ਪੰਜਾਬੀਆਂ ਦੀ ਵੀਡੀਓ ਕਾਨਫਰੰਸ ਰਾਹੀਂ ਬਸਪਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨਾਲ ਮੁਲਾਕਾਤ ਕਰਵਾਈ। ਵੀਡੀਓ ਕਾਨਫਰੰਸ ਦੌਰਾਨ ਇਕ ਪੰਜਾਬੀ ਨੇ ਦੱਸਿਆ ਕਿ ਉਹ ਦੋ ਮਹੀਨਿਆਂ ਤੋਂ ਬਿਮਾਰ ਹੈ। ਉਸ ਕੋਲ ਕੋਈ ਦਵਾਈ ਨਹੀਂ ਹੈ। ਜੇ ਪੰਜਾਬੀ ਕਿਸੇ ਲੋੜ ਲਈ ਆਪਣੇ ਕੈਂਪਾਂ ਤੋਂ ਬਾਹਰ ਨਿਕਲਦੇ ਹਨ ਤਾਂ ਕੁਵੈਤ ਤੇ ਦੁਬਈ ਪੁਲੀਸ ਭਾਰੀ ਜੁਰਮਾਨਾ ਕਰਦੀ ਹੈ। ਬਸਪਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਸੂਬੇ ਦੀ ਕਾਂਗਰਸ ਅਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਕਰੋਨਾ ਦੇ ਮੱਦੇਨਜ਼ਰ ਕੁਵੈਤ ਅਤੇ ਦੁਬਈ ਵਿੱਚ ਫਸੇ ਪੰਜਾਬੀਆਂ ਨੂੰ ਤੁਰੰਤ ਏਅਰ ਲਿਫਟ ਕੀਤਾ ਜਾਵੇ। ਉਨ੍ਹਾਂ ਦਾਅਵਾ ਕੀਤਾ ਕਿ ਬਸਪਾ ਪੰਜਾਬ ਕੋਲ ਸੂਚਨਾ ਹੈ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਪੰਜਾਹ ਹਜ਼ਾਰ ਤੋਂ ਜ਼ਿਆਦਾ ਐੱਨਆਰਆਈ ਪੰਜਾਬੀ ਕੁਵੈਤ ਤੇ ਦੁਬਈ ਦੇ ਖਾੜੀ ਦੇਸ਼ਾਂ ਵਿਚ ਕੰਮਕਾਜ ਤੋੋਂ ਵਿਹਲੇ ਫਸੇ ਹੋਏ ਹਨ ਅਤੇ ਪੰਜਾਬ ਤੋਂ ਪੈਸਾ ਮੰਗਵਾ ਕੇ ਖਰਚਾ ਕਰ ਰਹੇ ਹਨ।