ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 14 ਸਤੰਬਰ
ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਅੰਮ੍ਰਿਤਸਰ ਨੂੰ ਨੈਸ਼ਨਲ ਐਕਰੀਡਿਏਸ਼ਨ ਬੋਰਡ ਫਾਰ ਹਸਪਤਾਲ ਐਂਡ ਹੈਥਲਕੇਅਰ ਪ੍ਰੋਵਾਈਡਰਜ਼ (ਐੱਨਏਬੀਐੱਚ) ਵੱਲੋਂ ਮਾਨਤਾ ਦਿੱਤੀ ਗਈ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਹਸਪਤਾਲ ਦੇ ਸਟਾਫ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੌਮੀ ਪੱਧਰ ਦੀ ਸੰਸਥਾ ਵੱਲੋਂ ਹਸਪਤਾਲ ਨੂੰ ਮਾਨਤਾ ਮਿਲਣ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਮਨੁੱਖਤਾ ਦੀ ਭਲਾਈ ਲਈ ਦਿੱਤੀਆਂ ਜਾਂਦੀਆਂ ਸਿਹਤ ਸੇਵਾਵਾਂ ਦੀ ਭਰੋਸੇਯੋਗਤਾ ਤੇ ਪ੍ਰਤੀਬੱਧਤਾ ਹੋਰ ਵਧੀ ਹੈ। ਦੱਸਣਯੋਗ ਹੈ ਕਿ ਐੱਨਏਬੀਐੱਚ ਵੱਲੋਂ ਹਸਪਤਾਲ ਦੇ ਕੰਮ-ਕਾਜ, ਰੱਖ-ਰਖਾਅ, ਮਰੀਜ਼ਾਂ ਦੀ ਦੇਖਭਾਲ, ਇਲਾਜ ਲਈ ਜ਼ਿੰਮੇਵਾਰੀ, ਸਫ਼ਾਈ ਆਦਿ ਪੱਖਾਂ ਦੇ ਮੁਲਾਂਕਣ ਮਗਰੋਂ ਮਾਨਤਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸੰਸਥਾ ਦੇ ਸਮੂਹ ਕਰਮੀਆਂ ਨੇ ਅਹਿਮ ਭੂਮਿਕਾ ਨਿਭਾਈ ਹੈ।