ਗੁਰਬਖ਼ਸ਼ਪੁਰੀ
ਤਰਨ ਤਾਰਨ, 24 ਜਨਵਰੀ
ਇੱਕ ਵੇਲੇ ਦੇ ਵਲਟੋਹਾ (ਹੁਣ ਖੇਮਕਰਨ) ਹਲਕੇ ਦੇ ਵਿਧਾਇਕ ਮਰਹੂਮ ਪ੍ਰੋ. ਜਗੀਰ ਸਿੰਘ ਭੁੱਲਰ ਵੱਲੋਂ ਵਿਧਾਇਕ ਹੁੰਦਿਆਂ ਪੰਜਾਬ ਵਿਧਾਨ ਸਭਾ ਸਕੱਤਰੇਤ ਤੋਂ ਮੋਟਰ ਕਾਰ ਖਰੀਦਣ ਲਈ ਲਿਆ ਕਰਜ਼ਾ ਅਜੇ ਤੱਕ ਵੀ ਸਕੱਤਰੇਤ ਦੇ ਰਿਕਾਰਡ ਅਤੇ ਪਰਿਵਾਰ ਦਾ ਖਹਿੜਾ ਨਹੀਂ ਛੱਡ ਰਿਹਾ। ਉਧਰ ਇਹ ਮਾਮਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਵੀ ਗਲੇ ਦੀ ਹੱਡੀ ਬਣ ਰਿਹਾ ਹੈ।
ਪ੍ਰੋ. ਜਗੀਰ ਸਿੰਘ ਭੁੱਲਰ ਅਕਾਲੀ ਦਲ ਵੱਲੋਂ ਦੇਸ਼ ਵਿੱਚ ਐਮਰਜੈਂਸੀ ਦੇ ਖਤਮ ਹੋਣ ਮਗਰੋਂ 1977 ਅਤੇ ਫਿਰ 1997 ਵਿੱਚ ਵਿਧਾਇਕ ਚੁਣੇ ਗਏ ਸਨ। ਉਨ੍ਹਾਂ ਦਾ 2 ਮਈ, 2003 ਨੂੰ ਦੇਹਾਂਤ ਹੋ ਗਿਆ ਸੀ। ਪੰਜਾਬ ਵਿਧਾਨ ਸਭਾ ਸਕੱਤਰੇਤ (ਪੈਨਸ਼ਨ ਅਤੇ ਕਰਜ਼ਾ ਸ਼ਾਖਾ) ਦੇ ਸਕੱਤਰ ਸੁਰਿੰਦਰ ਪਾਲ ਨੇ ਇਸ ਸਬੰਧੀ ਇੱਥੋਂ ਦੇ ਡਿਪਟੀ ਕਮਿਸ਼ਨਰ ਨੂੰ 28 ਦਸੰਬਰ, 2021 ਤੋਂ ਪਹਿਲਾਂ ਲਿਖੇ ਕਈ ਪੱਤਰਾਂ ਦਾ ਹਵਾਲਾ ਦਿੰਦਿਆਂ ਇਕ ਪੱਤਰ ਲਿਖਿਆ ਹੈ, ਜਿਸ ’ਚ ਮਰਹੂਮ ਵਿਧਾਇਕ ਜਗੀਰ ਸਿੰਘ ਵੱਲੋਂ ਸਕੱਤਰੇਤ ਤੋਂ ਲਏ ਕਰਜ਼ੇ ਦੀ ਬਾਕੀ ਰਹਿੰਦੀ ਰਾਸ਼ੀ 26,875 ਰੁਪਏ ਤੇ ਵਿਆਜ ਦੇ ਬਣਦੇ 1,37,897 ਰੁਪਏ ਦੀ ਰਾਸ਼ੀ ਭੌਂ ਮਾਲੀਆ ਐਕਟ ਅਧੀਨ ਹਾਸਲ ਕਰਨ ਲਈ ਬਣਦੀ ਕਾਰਵਾਈ ਕਰਕੇ ਸਕੱਤਰੇਤ ਨੂੰ ਸੂਚਿਤ ਕਰਨ ਲਈ ਕਿਹਾ ਹੈ। ਸਕੱਤਰੇਤ ਨੇ ਇਸ ਰਾਸ਼ੀ ’ਤੇ ਡਿਫਾਲਟਰ ਕਿਸ਼ਤਾਂ ਅਤੇ ਬਣਦਾ ਵਿਆਜ਼ ਵੀ ਵਸੂਲਣ ਲਈ ਕਿਹਾ ਹੈ| ਪ੍ਰੋ. ਜਗੀਰ ਸਿੰਘ ਦਾ ਪਰਿਵਾਰ ਅੱਜ ਵੀ ਰਾਜਨੀਤੀ ਵਿੱਚ ਸਰਗਰਮ ਹੈ। ਉਨ੍ਹਾਂ ਦਾ ਲੜਕਾ ਜਸਬੀਰ ਸਿੰਘ ਭੁੱਲਰ ਆਪਣੇ ਲੜਕੇ ਰਾਜਬੀਰ ਸਿੰਘ ਭੁੱਲਰ ਸਮੇਤ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਰਾਜਬੀਰ ਸਿੰਘ ਭੁੱਲਰ ਕਾਂਗਰਸ ਪਾਰਟੀ ਵੱਲੋਂ ਜ਼ਿਲ੍ਹਾ ਪਰਿਸ਼ਦ ਦਾ ਮੈਂਬਰ ਵੀ ਹੈ, ਜਦਕਿ ਜਸਬੀਰ ਸਿੰਘ ਭੁੱਲਰ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਕਾਂਗਰਸ ਪਾਰਟੀ ਦੀ ਟਿਕਟ ਦਾ ਚਾਹਵਾਨ ਹੈ। ਜਸਬੀਰ ਸਿੰਘ ਭੁੱਲਰ ਨੇ ਕਿਹਾ ਕਿ ਉਨ੍ਹਾਂ ਆਪਣੇ ਪਿਤਾ ਜਗੀਰ ਸਿੰਘ ਵੱਲੋਂ ਲਿਆ ਕਰਜ਼ਾ ਉਨ੍ਹਾਂ ਦੇ ਦੇਹਾਂਤ ਮਗਰੋਂ ਮੋੜ ਦਿੱਤਾ ਸੀ, ਇਸ ਦੇ ਬਾਵਜੂਦ ਜੇਕਰ ਉਨ੍ਹਾਂ ਵੱਲ ਕੋਈ ਕਿਸ਼ਤ ਬੋਲਦੀ ਹੈ ਤਾਂ ਉਹ ਵਿਧਾਨ ਸਭਾ ਦੀਆਂ ਚੋਣਾਂ ਮਗਰੋਂ ਜਮ੍ਹਾਂ ਕਰਵਾ ਆਉਣਗੇ। ਪ੍ਰੋ. ਜਗੀਰ ਸਿੰਘ ਹੀ 1973 ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਏਆਈਐੱਸਐੱਸਐੱਫ) ਦਾ ਗਠਨ ਕਰਕੇ ਮੋਢੀ ਪ੍ਰਧਾਨ ਬਣੇ ਸਨ ਅਤੇ ਇਸ ਮਗਰੋਂ ਉਨ੍ਹਾਂ ਇਹ ਅਹੁਦਾ ਭਾਈ ਅਮਰੀਕ ਸਿੰਘ ਦੇ ਹਵਾਲੇ ਕੀਤਾ ਸੀ|