ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 24 ਅਕਤੂਬਰ
ਪਾਕਿਸਤਾਨ ਦੀ ਖ਼ੁਫੀਆ ਏਜੰਸੀ ਆਈਐੱਸਆਈ ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਫ਼ੌਜੀ ਜਵਾਨ ਨੂੰ ਅੱਜ ਇੱਥੇ ਸਥਾਨਕ ਅਦਾਲਤ ਦੇ ਡਿਊਟੀ ਮੈਜਿਸਟ੍ਰੇਟ ਕੋਲ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਅਗਲੀ ਪੁੱਛਗਿੱਛ ਲਈ ਚਾਰ ਦਿਨ ਦਾ ਪੁਲੀਸ ਰਿਮਾਂਡ ਦਿੱਤਾ ਹੈ। ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਦੀ ਪੁਲੀਸ ਨੇ ਬੀਤੇ ਦਿਨ ਫ਼ਿਰੋਜ਼ਪੁਰ ਛਾਉਣੀ ਵਿੱਚ ਤਾਇਨਾਤ ਕਰੁਨਾਲ ਕੁਮਾਰ ਬਾਰੀਆ ਵਾਸੀ ਗੁਜਰਾਤ ਨਾਂ ਦੇ ਇਸ ਫ਼ੌਜੀ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਖ਼ਿਲਾਫ਼ ਦੋਸ਼ ਹੈ ਕਿ ਉਸ ਨੇ ਪਾਕਿਸਤਾਨੀ ਖ਼ੁਫੀਆ ਏਜੰਸੀ ਦੀ ਇਕ ਔਰਤ ਅਧਿਕਾਰੀ ਨੂੰ ਭਾਰਤੀ ਫ਼ੌਜ ਦੇ ਕੁਝ ਦਸਤਾਵੇਜ਼ ਭੇਜੇ ਹਨ। ਅੱਜ ਪੁਲੀਸ ਨੇ ਇਸ ਨੂੰ ਅਦਾਲਤ ਵਿੱਚ ਪੇਸ਼ ਕਰ ਕੇ 14 ਦਿਨ ਦਾ ਪੁਲੀਸ ਰਿਮਾਂਡ ਮੰਗਿਆ ਗਿਆ ਸੀ ਪਰ ਅਦਾਲਤ ਨੇ ਫ਼ਿਲਹਾਲ ਚਾਰ ਦਿਨ ਦਾ ਰਿਮਾਂਡ ਦਿੱਤਾ ਹੈ।