ਪੱਤਰ ਪ੍ਰੇਰਕ
ਕੁਰਾਲੀ, 28 ਅਕਤੂਬਰ
ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਕਿਰਤ ਅਤੇ ਸ਼ਿਕਾਇਤ ਨਿਵਾਰਨ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਬਲਾਕ ਮਾਜਰੀ ਦੇ ਪਿੰਡ ਤਾਰਾਪੁਰ ਮਾਜਰੀ ਵਿੱਚ ਹੋ ਰਹੇ ਕੁਸ਼ਤੀ ਮੁਕਾਬਲਿਆਂ ’ਚ ਸ਼ਿਰਕਤ ਕੀਤੀ। ਉਨ੍ਹਾਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖਰੜ ਹਲਕੇ ਲਈ ਸਰਕਾਰ ਵੱਲੋਂ 6 ਪੁਲਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਨ੍ਹਾਂ ਦੀ ਉਸਾਰੀ ਜਲਦੀ ਹੀ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਮੌਕੇ ਬੀਬਾ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਹਰ ਵਰਗ ਦੇ ਲੋਕਾਂ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਯਤਨਸ਼ੀਲ ਹੈ। ਛਿੰਝ ਕਮੇਟੀ ਤਾਰਾਪੁਰ ਤੇ ਗ੍ਰਾਮ ਪੰਚਾਇਤ ਵਲੋਂ ਕਰਵਾਏ ਗਏ ਕੁਸ਼ਤੀ ਦੰਗਲ ਵਿੱਚ ਸੈਂਕੜੇ ਪਹਿਲਵਾਨਾਂ ਨੇ ਹਿੱਸਾ ਲਿਆ। ਇਸ ਦੌਰਾਨ ਝੰਡੀ ਦੀ ਕੁਸ਼ਤੀ ਵਿੱਚ ਮਿਰਜ਼ਾ ਇਰਾਨ ਨੇ ਧਰਮਿੰਦਰ ਨੂੰ ਹਰਾ ਕੇ ਝੰਡੀ ਆਪਣੇ ਨਾਂ ਕੀਤੀ। ਇਸੇ ਦੌਰਾਨ ਦੋ ਨੰਬਰ ਦੀ ਕੁਸ਼ਤੀ ਵਿੱਚ ਪਰਦੀਪ ਜ਼ੀਰਕਪੁਰ ਨੇ ਵਿਜੈ ਸੋਨੀਪੱਤ ਨੂੰ ਅਤੇ ਤਿੰਨ ਨੰਬਰ ਦੀ ਕੁਸ਼ਤੀ ਵਿੱਚ ਲਾਲੀ ਫਗਵਾੜਾ ਨੇ ਨਰਿੰਦਰ ਝੰਜੇੜੀ ਨੂੰ ਚਿੱਤ ਕੀਤਾ। ਪ੍ਰਧਾਨ ਰਾਜ਼ੇਸ਼ ਚੌਧਰੀ ਨੇ ਅੰਤ ਵਿੱਚ ਸਭ ਦਾ ਧੰਨਵਾਦ ਕੀਤਾ।