ਜਸਵੰਤ ਜੱਸ
ਫ਼ਰੀਦਕੋਟ, 31 ਅਗਸਤ
ਦੇਸ਼ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਜੱਦੀ ਪਿੰਡ ਸੰਧਵਾਂ ਵਿੱਚ ਚਾਰ ਦਹਾਕੇ ਪਹਿਲਾਂ ਸਥਾਪਤ ਕੀਤੀ ਗਈ ਧਾਗਾ ਮਿੱਲ ਨੂੰ ਚੁੱਪ-ਚੁੱਪੀਤੇ ਬੰਦ ਕਰ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ ਇਸ ਮਿੱਲ ਵਿੱਚ ਫ਼ਰੀਦਕੋਟ ਜ਼ਿਲ੍ਹੇ ਅਤੇ ਆਸ-ਪਾਸ ਦੇ ਇਲਾਕਿਆਂ ਦੇ ਕਰੀਬ 1900 ਮੁਲਾਜ਼ਮ ਕੰਮ ਕਰਦੇ ਸਨ ਜਦਕਿ ਇੱਕ ਹਜ਼ਾਰ ਵਿਅਕਤੀਆਂ ਨੂੰ ਅਸਿੱਧੇ ਰੂਪ ਵਿੱਚ ਰੁਜ਼ਗਾਰ ਮਿਲਿਆ ਹੋਇਆ ਸੀ।
ਸਹਿਕਾਰਤਾ ਵਿਭਾਗ ਨੇ 20 ਸਤੰਬਰ, 1979 ਨੂੰ ਇਹ ਮਿੱਲ ਚਾਲੂ ਕੀਤੀ ਸੀ ਤੇ 2006 ਵਿੱਚ ਇਸ ਨੂੰ ਨਿੱਜੀ ਹੱਥਾਂ ਵਿੱਚ ਦੇ ਦਿੱਤਾ ਸੀ। ਉਦੋਂ ਤੋਂ ਮਿੱਲ ਨੂੰ ‘ਤਾਇਲ ਐਨਰਜੀ ਗਰੁੱਪ’ ਮੁੰਬਈ ਚਲਾ ਰਿਹਾ ਸੀ। ਇਸ ਨਿੱਜੀ ਕੰਪਨੀ ਨੇ ਸਾਲ 2018 ’ਚ ਮੁਲਾਜ਼ਮਾਂ ਦੀ ਛਾਂਟੀ ਕਰ ਦਿੱਤੀ। ਜੀ.ਐੱਸ.ਟੀ ਲਾਗੂ ਹੋਣ ਮਗਰੋਂ ਘਾਟੇ ਦਾ ਸੌਦਾ ਐਲਾਨ ਕੇ ਮਿੱਲ ਨੂੰ ਹੁਣ ਮੁਕੰਮਲ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ। ਇੱਥੇ ਹੁਣ ਸਿਰਫ਼ ਚਾਰ ਚੌਕੀਦਾਰ ਹਨ, ਜੋ 30 ਕਿੱਲਿਆਂ ’ਚ ਫੈਲੀ ਮਿੱਲ ਦੀ ਮਸ਼ੀਨਰੀ ਦੀ ਦੇਖ-ਰੇਖ ਕਰ ਰਹੇ ਹਨ। ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਇਸੇ ਪਿੰਡ ਦੇ ਵਸਨੀਕ ਹਨ। ਉਨ੍ਹਾਂ ਨੇ ਵੀ ਮਿੱਲ ਨੂੰ ਬਚਾਉਣ ਲਈ ਕੋਈ ਚਾਰਾਜੋਈ ਨਹੀਂ ਕੀਤੀ। ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਵੀ ਇਸੇ ਹੀ ਪਿੰਡ ਦੇ ਵਸਨੀਕ ਹਨ, ਜੋ ਇਸ ਮਸਲੇ ’ਤੇ ਅਜੇ ਤੱਕ ਕੁਝ ਨਹੀਂ ਬੋਲੇ।
ਮਿੱਲ ਦੇ ਸਾਬਕਾ ਮੁਲਾਜ਼ਮ ਸੁਰਿੰਦਰ ਕੌਰ, ਬਲਜੀਤ ਕੌਰ ਤੇ ਰਾਮ ਚੰਦ ਨੇ ਕਿਹਾ ਕਿ ਸੰਧਵਾਂ ਪਿੰਡ ਦੀ ਧਾਗਾ ਮਿੱਲ ਨੇ ਇਲਾਕੇ ਦੇ ਗ਼ਰੀਬ ਪਰਿਵਾਰਾਂ ਨੂੰ ਸਭ ਤੋਂ ਵੱਧ ਰੁਜ਼ਗਾਰ ਦਿੱਤਾ ਸੀ। ਅਕਾਲੀ ਆਗੂ ਮਨਤਾਰ ਬਰਾੜ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਇਸ ਨੂੰ ਚੱਲਦਾ ਰੱਖਣ ਲਈ ਯਤਨਸ਼ੀਲ ਰਹੀ ਹੈ।