ਜੋਗਿੰਦਰ ਸਿੰਘ ਮਾਨ
ਮਾਨਸਾ, 10 ਜੁਲਾਈ
ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਮਾਨਸਾ ਪੁਲੀਸ ਵੱਲੋਂ ਦਿੱਲੀ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਪ੍ਰਿਆਵਰਤ ਫੌਜੀ ਤੋਂ ਕੀਤੀ ਪੁੱਛ-ਪੜਤਾਲ ਦੌਰਾਨ ਅਹਿਮ ਖੁਲਾਸਾ ਹੋਇਆ ਹੈ। ਇਸ ਦੇ ਮੁਤਾਬਕ ਪੰਜਾਬ ਸਰਕਾਰ ਵੱਲੋਂ ਗਾਇਕ ਦੀ ਸੁਰੱਖਿਆ ਵਿੱਚ ਕੀਤੀ ਗਈ ਕਟੌਤੀ ਦਾ ਫ਼ੈਸਲਾ ਹੀ ਕਤਲ ਦਾ ਮੁੱਖ ਕਾਰਨ ਬਣਿਆ ਹੈ। ਸ਼ੂਟਰ ਪ੍ਰਿਆਵਰਤ ਫੌਜੀ ਦੇ ਮੋਬਾਈਲ ਫੋਨ ਦੀ ਕੀਤੀ ਗਈ ਘੋਖ ਪੜਤਾਲ ਤੋਂ ਬਾਅਦ ਪੁਲੀਸ ਨੂੰ ਪਤਾ ਲੱਗਿਆ ਹੈ ਕਿ ਜਦੋਂ 28 ਮਈ ਨੂੰ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾਈ ਗਈ ਤਾਂ ਕੈਨੇਡਾ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਪ੍ਰਿਆਵਰਤ ਫੌਜੀ ਨੂੰ ਫੋਨ ਕਰ ਕੇ 29 ਮਈ ਨੂੰ ਹੀ ਮੂਸੇਵਾਲਾ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਕਿਹਾ ਗਿਆ ਸੀ।
ਜਾਣਕਾਰੀ ਮੁਤਾਬਕ ਜਿਉਂ ਹੀ 29 ਮਈ ਨੂੰ ਸਿੱਧੂ ਮੂਸੇਵਾਲਾ ਸ਼ਾਮ ਨੂੰ ਆਪਣੇ ਘਰੋਂ ਨਿਕਲਿਆ ਤਾਂ ਇਸਦੀ ਜਾਣਕਾਰੀ ਸੰਦੀਪ ਉਰਫ਼ ਕੇਕੜਾ ਨੇ ਫੋਨ ਕਰ ਕੇ ਗੋਲਡੀ ਬਰਾੜ ਨੂੰ ਦੇ ਦਿੱਤੀ ਸੀ। ਗੋਲਡੀ ਬਰਾੜ ਨੇ ਤੁਰੰਤ ਇਹ ਸੂਚਨਾ ਪ੍ਰਿਆਵਰਤ ਫੌਜੀ ਨੂੰ ਦਿੱਤੀ ਤੇ ‘ਕੰਮ ਕਰਨ ਲਈ’ ਨਿਰਦੇਸ਼ ਦਿੱਤਾ। ਥੋੜ੍ਹੀ ਦੇਰ ਬਾਅਦ ਹੀ ਘਰ ਤੋਂ ਥੋੜ੍ਹੀ ਦੂਰੀ ’ਤੇ ਪਿੰਡ ਜਵਾਹਰਕੇ ਵਿੱਚ ਸਿੱਧੂ ਤੇ ਉਸਦੇ ਦੋ ਸਾਥੀਆਂ ’ਤੇ ਹਮਲਾ ਕੀਤਾ ਗਿਆ ਅਤੇ ਗੋਲੀਆਂ ਲੱਗਣ ਕਾਰਨ ਸ਼ੁਭਦੀਪ ਸਿੰਘ ਸਿੱਧੂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਵੀ ਜਾਣਕਾਰੀ ਮਿਲੀ ਹੈ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਦੀ ਖਬਰ ਤੁਰੰਤ ਪ੍ਰਿਆਵਰਤ ਫੌਜੀ ਨੇ ਹੀ ਗੋਲਡੀ ਬਰਾੜ ਨੂੰ ਦਿੱਤੀ ਸੀ। ਸਿੱਧੂ ਦੇ ਕਤਲ ਤੋਂ ਦੋ ਘੰਟਿਆਂ ਬਾਅਦ ਇਸ ਘਟਨਾ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਨੇ ਲਈ ਸੀ। ਪੁਲੀਸ ਨੂੰ ਇਹ ਜਾਣਕਾਰੀ ਵੀ ਮਿਲੀ ਹੈ ਕਿ ਸੁਰੱਖਿਆ ਘਟਾਉਣ ਸਬੰਧੀ ਜਾਣਕਾਰੀ ਮਿਲਣ ਤੋਂ ਬਾਅਦ ਪ੍ਰਿਆਵਰਤ ਫੌਜੀ ਤੇ ਉਸਦੇ ਸਾਥੀਆਂ ਦੀਆਂ ਗਤੀ-ਵਿਧੀਆਂ ਵਿੱਚ ਤੇਜ਼ੀ ਆਈ ਸੀ ਤੇ ਉਨ੍ਹਾਂ ਦਾ ਹੌਸਲਾ ਵਧਿਆ ਸੀ। ਸੁਰੱਖਿਆ ਦੀ ਕਟੌਤੀ ਮਗਰੋਂ ਗੋਲਡੀ ਨੇ ਸਾਰੇ ਸਹਾਇਕਾਂ ਅਤੇ ਸ਼ਾਰਪ ਸ਼ੂਟਰਾਂ ਨੂੰ ਚੌਕਸ ਕਰ ਦਿੱਤਾ ਸੀ ਤੇ ਮੂਸੇਵਾਲਾ ਦੇ ਘਰ ’ਤੇ ਪਲ-ਪਲ ਨਜ਼ਰ ਰੱਖੀ ਜਾਣ ਲੱਗੀ ਸੀ, ਜੋ ਉਸਦੇ ਹਮਲੇ ਤੱਕ ਬਕਾਇਦਾ ਜਾਰੀ ਸੀ।
ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੂਸੇਵਾਲਾ 29 ਮਈ ਨੂੰ ਘਰੋਂ ਬਾਹਰ ਨਹੀਂ ਆਇਆ ਸੀ। ਹਾਲਾਂ ਕਿ, ਜਦੋਂ ਵੀ ਕੋਈ ਪ੍ਰਸ਼ੰਸਕ ਫੋਟੋਆਂ ਲਈ ਉਨ੍ਹਾਂ ਦੇ ਘਰ ਜਾਂਦਾ ਸੀ ਤਾਂ ਮੂਸੇਵਾਲਾ ਉਨ੍ਹਾਂ ਨੂੰ ਜ਼ਰੂਰ ਮਿਲਦਾ ਸੀ। ਇਸ ਕਾਰਨ ਸੰਦੀਪ ਕੇਕੜਾ ਸਾਥੀ ਬਲਦੇਵ ਨਿੱਕੂ ਨਾਲ ਫੈਨ ਬਣ ਕੇ ਸਿੱਧੂ ਮੂਸੇਵਾਲਾ ਦੇ ਘਰ ਪੁੱਜਿਆ ਸੀ। ਉਸ ਸਮੇਂ ਤੱਕ ਮੂਸੇਵਾਲਾ ਨੂੰ ਘਰ ਅੰਦਰ ਦਾਖਲ ਹੋ ਕੇ ਮਾਰਨ ਦੀ ਵੀ ਯੋਜਨਾ ਸੀ।
ਲਾਰੈਂਸ ਦੇ ਨਾਂ ਹੇਠ ਸਾਈਬਰ ਠੱਗਾਂ ਵੱਲੋਂ ਮੰਗੀਆਂ ਜਾ ਰਹੀਆਂ ਨੇ ਫਿਰੌਤੀਆਂ: ਐੱਸਐੱਸਪੀ
ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਸਮੇਤ ਕਈ ਹੋਰ ਗੈਂਗਸਟਰਾਂ ਦੇ ਨਾਂ ’ਤੇ ਕਾਰੋਬਾਰੀਆਂ ਤੋਂ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ, ਜਿਸ ਸਬੰਧੀ ਮਾਨਸਾ ਸਮੇਤ ਪੰਜਾਬ ਦੇ ਹੋਰ ਸ਼ਹਿਰਾਂ ਤੋਂ ਪੁਲੀਸ ਨੂੰ ਸ਼ਿਕਾਇਤਾਂ ਮਿਲੀਆਂ ਹਨ। ਮਾਨਸਾ ਦੇ ਐੱਸਐੱਸਪੀ ਗੌਰਵ ਤੂਰ ਦਾ ਕਹਿਣਾ ਹੈ ਕਿ ਅਜਿਹੀਆਂ ਸ਼ਿਕਾਇਤਾਂ ਦੀ ਪੜਤਾਲ ਤੋਂ ਬਾਅਦ ਪਤਾ ਲੱਗਿਆ ਹੈ ਕਿ ਸਾਈਬਰ ਠੱਗਾਂ ਵੱਲੋਂ ਅੱਜਕੱਲ੍ਹ ਇਹ ਨਵਾਂ ਪੈਂਤੜਾ ਅਪਣਾਇਆ ਹੋਇਆ ਹੈ, ਜੋ ਗੈਂਗਸਟਰਾਂ ਦਾ ਨਾਮ ਵਰਤ ਕੇ ਧੰਦਾ ਚਲਾ ਰਹੇ ਹਨ।