ਐਨ.ਪੀ.ਧਵਨ
ਪਠਾਨਕੋਟ, 17 ਅਗਸਤ
ਕੇਂਦਰ ਵੱਲੋਂ ਐਲਾਨੇ ਗਏ ਕੌਮੀ ਪ੍ਰਾਜੈਕਟ ‘ਸ਼ਾਹਪੁਰ ਕੰਡੀ ਡੈਮ ਪ੍ਰਾਜੈਕਟ’ ਉਤੇ ਬਣਨ ਵਾਲੇ ਦੋ ਪਾਵਰ ਹਾਊਸਾਂ ਦੇ ਟੈਂਡਰ ਅਜੇ ਤੱਕ ਅਲਾਟ ਨਾ ਹੋਣ ਕਾਰਨ ਇਸ ਦੇ ਨਿਰਧਾਰਤ ਸਮੇਂ ਵਿੱਚ ਨੇਪਰੇ ਚੜ੍ਹਨ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਹਾਲਾਂਕਿ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਸੀ ਕਿ ਇਹ ਡੈਮ ਸਾਲ 2022 ਤੱਕ ਮੁਕੰਮਲ ਕਰ ਲਿਆ ਜਾਵੇਗਾ। ਇਸ ਦਾ ਕੰਮ ਲਟਕਣ ਨਾਲ ਪੰਜਾਬ ਨੂੰ ਇਸ ਤੋਂ ਪੈਦਾ ਹੋਣ ਵਾਲੀ ਬਿਜਲੀ ਲਈ ਹੋਰ ਉਡੀਕ ਕਰਨੀ ਪਵੇਗੀ। ਇਸ ਨਾਲ ਪਾਕਿਸਤਾਨ ਨੂੰ ਅਜਾਈਂ ਜਾਣ ਵਾਲੇ ਪਾਣੀ ਉਪਰ ਵੀ ਰੋਕ ਨਹੀਂ ਲੱਗ ਸਕੇਗੀ। ਜ਼ਿਕਰਯੋਗ ਹੈ ਕਿ ਰਾਵੀ ਦਰਿਆ ਉਪਰ ਪਹਿਲਾਂ ਬਣੇ ਰਣਜੀਤ ਸਾਗਰ ਡੈਮ ਦੇ 11 ਕਿਲੋਮੀਟਰ ਹੇਠਾਂ ਸ਼ਾਹਪੁਰ ਕੰਡੀ ਵਿਚ ਡੈਮ ਉਸਾਰਿਆ ਜਾਣਾ ਹੈ। ਇਸ ਬੰਨ੍ਹ ਦਾ ਨਿਰਮਾਣ ਕਾਰਜ ਮੈਸਰਜ਼ ਬਰੂਆ ਕੰਸਟਰੱਕਸ਼ਨ ਕੰਪਨੀ ਨੂੰ ਅਲਾਟ ਕੀਤਾ ਹੋਇਆ ਹੈ। ਇਕਰਾਰਨਾਮੇ ਅਨੁਸਾਰ ਉਕਤ ਕੰਪਨੀ ਨੇ 31 ਮਈ 2022 ਤੱਕ ਬੰਨ੍ਹ ਦਾ ਸਾਰਾ ਕੰਮ ਮੁਕੰਮਲ ਕਰ ਕੇ ਦੇਣਾ ਹੈ। ਇਥੇ ਦੋ ਬਿਜਲੀ ਘਰਾਂ ਦਾ ਨਿਰਮਾਣ ਕੀਤਾ ਜਾਣਾ ਹੈ ਜਿਥੋਂ 206 ਮੈਗਾਵਾਟ ਬਿਜਲੀ ਪੈਦਾ ਕੀਤੀ ਜਾਣੀ ਹੈ। ਨਹਿਰ ਦਾ 80 ਪ੍ਰਤੀਸ਼ਤ ਕੰਮ ਮੁਕੰਮਲ ਹੋ ਚੁੱਕਾ ਹੈ ਪਰ ਦੋਹਾਂ ਬਿਜਲੀ ਘਰਾਂ ਦਾ ਨਿਰਮਾਣ ਕਾਰਜ ਹਾਲੇ ਤੱਕ ਸ਼ੁਰੂ ਨਹੀਂ ਹੋ ਸਕਿਆ।
ਇਨ੍ਹਾਂ ਦੀ ਉਸਾਰੀ ਉਪਰ 3 ਸਾਲ ਲੱਗਣੇ ਹਨ। ਇਨ੍ਹਾਂ ਦੇ ਨਿਰਮਾਣ ਲਈ 637 ਕਰੋੜ ਰੁਪਏ ਦਾ ਟੈਂਡਰ ਦੋ ਦਿਨ ਪਹਿਲਾਂ ਕੱਢਿਆ ਗਿਆ ਹੈ ਜਿਸ ਤਹਿਤ 2 ਨਵੰਬਰ ਨੂੰ ਬੋਲੀ ਰੱਖੀ ਗਈ ਹੈ। ਇਸ ਨਾਲ ਸਪਸ਼ਟ ਹੋ ਗਿਆ ਹੈ ਕਿ ਪਾਵਰ ਹਾਊਸ ਨਵੰਬਰ 2023 ਤੱਕ ਮੁਕੰਮਲ ਨਹੀਂ ਹੋ ਸਕਣਗੇ। ਡੈਮ ਦੇ ਮੁੱਖ ਇੰਜੀਨੀਅਰ ਸੰਦੀਪ ਕੁਮਾਰ ਸਲੂਜਾ ਨੇ ਦੱਸਿਆ ਕਿ ਮੁੱਖ ਬੰਨ੍ਹ ਸਾਲ 2022 ਵਿੱਚ ਮੁਕੰਮਲ ਹੋ ਜਾਵੇਗਾ।