ਚੰਡੀਗੜ੍ਹ (ਟਨਸ): ਪੰਜਾਬ ਸਰਕਾਰ ਨੇ ਸੂਬੇ ਵਿਚ ਵਧ ਰਹੀ ਗਰਮੀ ਦੇ ਮੱਦੇਨਜ਼ਰ ਸਰਕਾਰੀ ਸਕੂਲਾਂ ਦਾ ਸਮਾਂ ਤਬਦੀਲ ਕਰ ਦਿੱਤਾ ਹੈ। ਸਿੱਖਿਆ ਵਿਭਾਗ ਨੇ ਨਾਲ ਹੀ ਗਰਮ ਰੁੱਤ ਦੀਆਂ ਛੁੱਟੀਆਂ ਵੀ ਐਲਾਨ ਦਿੱਤੀਆਂ ਹਨ। ਸਿੱਖਿਆ ਵਿਭਾਗ ਦੀ ਪ੍ਰਮੁੱਖ ਸਕੱਤਰ ਵੱਲੋਂ ਜਾਰੀ ਪੱਤਰ ਅਨੁਸਾਰ ਪੰਜਾਬ ਵਿਚ ਪ੍ਰਾਇਮਰੀ ਸਕੂਲ ਸਵੇਰੇ 7 ਤੋਂ 11 ਵਜੇ ਤੱਕ ਲੱਗਣਗੇ ਜਦੋਂ ਕਿ ਮਿਡਲ/ਹਾਈ/ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 7 ਤੋਂ ਦੁਪਹਿਰ ਸਾਢੇ 12 ਵਜੇ ਤੱਕ ਹੋਵੇਗਾ। ਇਸ ਦੇ ਨਾਲ ਗਰਮ ਰੁੱਤ ਦੀਆਂ ਛੁੱਟੀਆਂ 15 ਮਈ ਤੋਂ 30 ਜੂਨ ਤੱਕ ਹੋਣਗੀਆਂ। ਸਿੱਖਿਆ ਵਿਭਾਗ ਨੇ ਇਸ ਸ਼ਰਤ ’ਤੇ ਇਹ ਛੁੱਟੀਆਂ ਕੀਤੀਆਂ ਹਨ ਕਿ ਅਧਿਆਪਕ 16 ਤੋਂ 31 ਮਈ ਤੱਕ ਆਨਲਾਈਨ ਕਲਾਸਾਂ ਲੈਣਗੇ।