ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 7 ਅਕਤੂਬਰ
ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਨੇ ਅੱਜ ਇਥੇ ਆਖਿਆ ਕਿ ਅਨੁਸੂਚਿਤ ਜਾਤੀ ਸਬੰਧੀ ਵਜ਼ੀਫ਼ਾ ਘੁਟਾਲੇ ਵਿੱਚ ਸ਼ਾਮਲ ਕਿਸੇ ਵੀ ਸਿਆਸੀ ਜਾਂ ਦਫ਼ਤਰੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਸ ਘੁਟਾਲੇ ਵਿੱਚ ਸ਼ਾਮਲ ਕਾਲਜਾਂ ਦੀਆਂ ਪ੍ਰਬੰਧਕੀ ਕਮੇਟੀਆਂ ਇੱਕ ਹਫ਼ਤੇ ਦੇ ਅੰਦਰ ਵਿਦਿਆਰਥੀਆਂ ਦੇ ਪੈਸੇ ਸਰਕਾਰ ਨੂੰ ਵਾਪਸ ਕਰਨ, ਨਹੀਂ ਤਾਂ ਉਨ੍ਹਾਂ ਵਿਰੁੱਧ ਪੁਲੀਸ ਕੇਸ ਦਰਜ ਕਰਵਾਇਆ ਜਾਵੇਗਾ। ਅੱਜ ਇੱਥੇ ਪੁੱਜਣ ’ਤੇ ਉਨ੍ਹਾਂ ਦਾ ਪਾਰਟੀ ਵਰਕਰਾਂ ਵੱਲੋਂ ਸਵਾਗਤ ਕੀਤਾ ਗਿਆ। ੋਇਸ ਦੌਰਾਨ ਸ੍ਰੀ ਵੇਰਕਾ ਨੇ ਰਾਣੀ ਕਾ ਬਾਗ ਸਥਿਤ ਮੰਦਰ ਵਿੱਚ ਮੱਥਾ ਟੇਕਿਆ ਤੇ ਮੰਦਰ ਕਮੇਟੀ ਨੂੰ 21 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਆਪਣੇ ਹਲਕੇ ਵਿੱਚ ਰੋਡ ਸ਼ੋਅ ਵੀ ਕੱਢਿਆ ਅਤੇ ਸਮਰਥਕਾਂ ਦਾ ਸਵਾਗਤ ਕਬੂਲਿਆ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ, ਪ੍ਰਮੋਦ ਬਬਲਾ, ਵਿਰਾਟ ਦੇਵਗਨ, ਸਤਿੰਦਰ ਸੱਤ, ਸਤੀਸ਼ ਬੱਲੂ, ਰਮਨ ਰੰਮੀ, ਨੀਤੂ ਟਾਂਗਰੀ, ਛਵੀ ਢਿਲੋਂ, ਲਖਨਪਾਲ (ਸਾਰੇ ਕੌਂਸਲਰ), ਅਰੁਣ ਜੋਸ਼ੀ, ਸਤੀਸ਼ ਸ਼ਰਮਾ, ਵਿਕਾਸ ਦੱਤ, ਅਮਨ ਸ਼ਰਮਾ ਸਮੇਤ ਹੋਰ ਆਗੂ ਹਾਜ਼ਰ ਸਨ।
ਇਸ ਮਹੀਨੇ ਦਸ ਹਜ਼ਾਰ ਸਫ਼ਾਈ ਸੇਵਕ ਕੀਤੇ ਜਾਣਗੇ ਰੈਗੂਲਰ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਇਸੇ ਦੌਰਾਨ ਕੈਬਨਿਟ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਜਲਦੀ ਹੀ ਸੂਬੇ ਵਿੱਚ ਲਗਪਗ ਦਸ ਹਜ਼ਾਰ ਸਫ਼ਾਈ ਸੇਵਕਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣਗੀਆਂ, ਜਿਸ ਸਬੰਧੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ। ਇਸੇ ਦੌਰਾਨ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਭਾਜਪਾ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਪਹਿਲਾਂ ਹੀ ਕਿਸਾਨ ਅੰਦੋਲਨ ਨੂੰ ਖਤਮ ਕਰਾਉਣ ਦੀਆਂ ਚਾਲਾਂ ਚੱਲਦੀ ਰਹੀ ਹੈ, ਪਰ ਯੂਪੀ ਸਰਕਾਰ ਇਸ ਮਾਮਲੇ ਵਿੱਚ ਸਾਰੀਆਂ ਹੱਦਾਂ ਟੱਪ ਗਈ ਹੈ। ਡਾ. ਵੇਰਕਾ ਨੇ ਕਿਹਾ ਕਿ ਦੇਸ਼ ਦੇ ਲੋਕਾਂ ਵਿੱਚ ਲਖੀਮਪੁਰ ਖੀਰੀ ਹਿੰਸਾ ਸਬੰਧੀ ਬਹੁਤ ਗੁੱਸਾ ਹੈ। ਉਨ੍ਹਾਂ ਕਿਹਾ ਕਿ ਇੰਨੀ ਮੰਦਭਾਗੀ ਘਟਨਾ ਬਾਰੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਹੁਣ ਤੱਕ ਇੱਕ ਵੀ ਸ਼ਬਦ ਨਹੀਂ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਜੇ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਲਈ ਸੁਹਿਰਦ ਹੈ ਤਾਂ ਕਾਂਗਰਸ ਵੀ ਕੇਂਦਰ ਖ਼ਿਲਾਫ਼ ਧਰਨੇ ਲਾਉਣ ਲਈ ਤਿਆਰ ਹੈ।