ਪੱਤਰ ਪ੍ਰੇਰਕ
ਰੂਪਨਗਰ, 29 ਦਸੰਬਰ
ਵਿਧਾਨ ਸਭਾ ਹਲਕਾ ਰੂਪਨਗਰ ਦੇ ਸਰਪੰਚਾਂ ਨੇ ਗਰਾਂਟਾਂ ਨਾ ਮਿਲਣ ਸਬੰਧੀ ਡਿਪਟੀ ਕਮਿਸ਼ਨਰ ਦਫਤਰ ਅੱਗੇ ਕੀਤੀ ਜਾ ਰਹੀ ਭੁੱਖ ਹੜਤਾਲ ਕਾਂਗਰਸੀ ਆਗੂਆਂ ਵੱਲੋਂ ਚੈੱਕ ਦਿਵਾਉਣ ਦੇ ਦਿੱਤੇ ਭਰੋਸੇ ਮਗਰੋਂ ਦੋ ਦਿਨ ਲਈ ਮੁਲਤਵੀ ਕਰ ਦਿੱਤੀ ਹੈ। ਸਰਪੰਚ ਯੂਨੀਅਨ ਬਲਾਕ ਰੂਪਨਗਰ ਦੇ ਪ੍ਰਧਾਨ ਚਰਨਜੀਤ ਸਿੰਘ ਮਿਆਣੀ ਨੇ ਦੱਸਿਆ ਕਿ ਅੱਜ ਨਗਰ ਸੁਧਾਰ ਟਰੱਸਟ ਰੂਪਨਗਰ ਦੇ ਪ੍ਰਧਾਨ ਸੁਖਵਿੰਦਰ ਸਿੰਘ ਵਿਸਕੀ ਅਤੇ ਕਾਂਗਰਸ ਕਮੇਟੀ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਯੂਨੀਅਨ ਨੂੰ ਭਰੋਸਾ ਦਿੱਤਾ ਹੈ ਕਿ ਉਹ ਭਲਕੇ ਚਮਕੌਰ ਸਾਹਿਬ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕਰਵਾ ਕੇ ਵਿਧਾਨ ਸਭਾ ਹਲਕਾ ਰੂਪਨਗਰ ਦੀਆਂ ਸਮੁੱਚੀਆਂ ਪੰਚਾਇਤਾਂ ਨੂੰ ਗਰਾਂਟਾਂ ਦਿਵਾਉਣਗੇ ਅਤੇ ਕਿਸੇ ਪਿੰਡ ਨਾਲ ਕਾਣੀ-ਵੰਡ ਨਹੀਂ ਕੀਤੀ ਜਾਵੇਗੀ। ਸ਼੍ਰੀ ਮਿਆਣੀ ਨੇ ਦੱਸਿਆ ਕਿ ਕਾਂਗਰਸੀ ਆਗੂਆਂ ਦੇ ਭਰੋਸੇ ਉਪਰੰਤ ਭੁੱਖ ਹੜਤਾਲ ਦਾ ਪ੍ਰੋਗਰਾਮ ਸ਼ਨੀਵਾਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।
ਇਸ ਮੌਕੇ ਪੀਆਰਟੀਸੀ. ਚੇਅਰਮੈਨ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਅਮਰਜੀਤ ਸਿੰਘ ਭੁੱਲਰ, ਕਿਰਨ ਸੋਨੀ, ਜਰਨੈਲ ਸਿੰਘ ਕਾਬੜਵਾਲ, ਰਾਜੀਵ ਭਨੋਟ ਆਦਿ ਹਾਜ਼ਰ ਸਨ।