ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 21 ਜੁਲਾਈ
ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੇਂਦਰ ਸਰਕਾਰ ਵੱਲੋਂ ਬਣਾਈ ਐਮਐਸਪੀ ਕਮੇਟੀ ’ਚ ਪੰਜਾਬ ਨੂੰ ਪ੍ਰਤੀਨਿਧਤਾ ਨਾ ਦੇਣ ’ਤੇ ਰੋਸ ਪ੍ਰਗਟ ਕਰਦਿਆਂ ਕੇਂਦਰ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਬਿਨਾਂ ਖੇਤੀ ਦੇ ਕਿਸੇ ਵੀ ਪਹਿਲੂ ’ਤੇ ਕਦੇ ਵੀ ਚਰਚਾ ਸੰਭਵ ਹੀ ਨਹੀਂ ਹੈ। ਪੰਜਾਬ ਨੂੰ ਅਖੌਤੀ ਕਮੇਟੀ ਤੋਂ ਦੂਰ ਰੱਖਣਾ ਪੰਜਾਬ ਦੇ ਸਬਰ ਨੂੰ ਪਰਖਣ ਜਾਂ ਅੱਗ ਲਾਊ ਸਿਆਸਤ ਦੀ ਇਕ ਹੋਰ ਚਾਲ ਹੈ, ਕਿਉਂਕਿ ਬਹਾਦਰ ਪੰਜਾਬੀਆਂ ਨੇ ਕਾਲੇ ਖੇਤੀ ਕਾਨੂੰਨਾਂ ਦੀ ਬਰਖ਼ਾਸਤਗੀ ਲਈ ਦਿੱਲੀ ਦੀਆਂ ਬਰੂਹਾਂ ’ਤੇ ਦੁਨੀਆਂ ਦੀ ਸਭ ਤੋਂ ਲੰਬੀ ਤੇ ਸ਼ਾਂਤਮਈ ਮੁਹਿੰਮ ਦੀ ਸਫਲਤਾਪੂਰਵਕ ਅਗਵਾਈ ਕੀਤੀ ਸੀ। ਸ੍ਰੀ ਸੰਧਵਾਂ ਨੇ ਕਿਹਾ ਕਿ ਇਸ ਐਲਾਨ ਦਾ ਉਦੇਸ਼ ਸਾਡੇ ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਅਧਿਕਾਰ ਬਣਾਉਣਾ ਨਹੀਂ ਸਗੋਂ ਸਿਆਸੀ ਦਿਖਾਵਾ ਹਾਸਲ ਕਰਨਾ ਹੈ।