ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 28 ਮਈ
ਇੱਥੇ ਨੈਸ਼ਨਲ ਕਲੋਨੀ ਨੇੜੇ ਸਰਹਿੰਦ ਨਹਿਰ ਦੇ ਕੰਢੇ ਕੂੜੇ ਦੇ ਢੇਰ ਵਿੱਚੋਂ ਗੁਟਕਾ ਸਾਹਿਬ, ਗੁਰੂ ਸਾਹਿਬਾਨ ਦੀ ਤਸੀਵਰ ਅਤੇ ਹਨੂੰਮਾਨ ਚਾਲੀਸਾ ਮਿਲੇ ਹਨ। ਪ੍ਰਾਪਤ ਜਾਣਕਾਰੀ ਮੁਤਾਬਿਕ ਨੈਸ਼ਨਲ ਕਲੋਨੀ ਵਾਸੀ ਮਹਿੰਦਰ ਸਿੰਘ ਖ਼ਾਲਸਾ ਨਹਿਰ ਕਿਨਾਰੇ ਸੁਵਖ਼ਤੇ ਸੈਰ ਕਰਨ ਨਿੱਕਲੇ ਸਨ। ਇਸ ਦੌਰਾਨ ਉਨ੍ਹਾਂ ਦੀ ਨਜ਼ਰ ਕੂੜੇ ਦੇ ਢੇਰ ਵਿਚ ਪਏ ਇਨ੍ਹਾਂ ਪਵਿੱਤਰ ਗ੍ਰੰਥਾਂ ’ਤੇ ਪਈ। ਇੱਥੋਂ ਹੀ ਇਕ ਨੌਜਵਾਨ ਦੀ ਤਸਵੀਰ ਵੀ ਮਿਲੀ ਦੱਸੀ ਗਈ ਹੈ। ਐੱਸਐੱਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਪਤਾ ਲੱਗਦਿਆਂ ਹੀ ਇੱਥੇ ਪਹੁੰਚੇ ਅਤੇ ਉਨ੍ਹਾਂ ਨੇ ਪੜਤਾਲ ਸ਼ੁਰੂ ਕਰ ਦਿੱਤੀ।
ਇਨ੍ਹਾਂ ਸਾਰੇ ਪਵਿੱਤਰ ਦਸਤਾਵੇਜ਼ਾਂ ਨੂੰ ਮਹਿੰਦਰ ਸਿੰਘ ਖ਼ਾਲਸਾ ਨੇ ਨੈਸ਼ਨਲ ਕਲੋਨੀ ਸਥਿਤ ਗੁਰੂ ਘਰ ਵਿਚ ਪਹੁੰਚਾਇਆ। ਥਾਣਾ ਥਰਮਲ ਦੇ ਐਸਐਚਓ ਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪੁਲੀਸ ਨੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।