ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 3 ਮਈ
ਫ਼ਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਦੇ ਯਤਨਾਂ ਸਦਕਾ ਸਰਹਿੰਦ ਤੋਂ ਸੱਚਖੰਡ ਐਕਸਪ੍ਰੈੱਸ ਮੁੜ ਚਾਲੂ ਹੋ ਗਈ ਹੈ। ਉਨ੍ਹਾਂ 29 ਅਪਰੈਲ 2022 ਦੇ ਭਾਰਤੀ ਰੇਲਵੇ ਦੇ ਹੁਕਮਾਂ ਨੂੰ ਸਾਂਝਾ ਕੀਤਾ, ਜਿਸ ਵਿੱਚ ਰੇਲਵੇ ਵਿਭਾਗ ਨੇ ਅੰਬਾਲਾ-ਰਾਜਪੁਰਾ-ਸਰਹਿੰਦ-ਲੁਧਿਆਣਾ ਰਾਹੀਂ ਸੱਚਖੰਡ ਐਕਸਪ੍ਰੈੱਸ 12715/16 ਨੂੰ ਇਸ ਦੇ ਅਸਲ ਰੂਟ ’ਤੇ ਬਹਾਲ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਡਾ. ਅਮਰ ਸਿੰਘ ਕਾਫ਼ੀ ਸਮੇਂ ਤੋਂ ਸੱਚਖੰਡ ਐਕਸਪ੍ਰੈੱਸ ਨੂੰ ਸਰਹਿੰਦ ਤੋਂ ਵਾਇਆ ਚੰਡੀਗੜ੍ਹ ਰੂਟ ਕਰਨ ਲਈ ਯਤਨ ਕਰ ਰਹੇ ਸਨ। ਉਹ ਇਸ ਸਬੰਧੀ ਮੌਜੂਦਾ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਤੇ ਸਾਬਕਾ ਰੇਲ ਮੰਤਰੀ ਪਿਊਸ਼ ਗੋਇਲ ਨੂੰ ਮਿਲਣ ਤੋਂ ਇਲਾਵਾ ਲੋਕ ਸਭਾ ਵਿੱਚ ਕਈ ਵਾਰ ਇਹ ਮਸਲਾ ਉਠਾ ਚੁੱਕੇ ਹਨ। ਡਾ. ਅਮਰ ਸਿੰਘ ਨੇ ਕਿਹਾ ਕਿ ਇਸ ਨਾਲ ਆਮ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ।