ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 29 ਸਤੰਬਰ
ਜੱਲ੍ਹਿਆਂਵਾਲਾ ਬਾਗ ਦੇ ਮੂਲ ਸਰੂਪ ਦੀ ਬਹਾਲੀ ਦੀ ਮੰਗ ਬਾਰੇ 13 ਅਕਤੂਬਰ ਨੂੰ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਨਾਲ ਮੀਟਿੰਗ ਦਾ ਸਮਾਂ ਤੈਅ ਹੋਣ ਮਗਰੋਂ ਨੌਜਵਾਨ ਭਾਰਤ ਸਭਾ ਦੇ ਆਗੂਆਂ ਨੇ ਜੱਲ੍ਹਿਆਂਵਾਲਾ ਬਾਗ ਦੇ ਬਾਹਰ ਲਾਏ ਧਰਨੇ ਨੂੰ ਅੱਜ ਦੇਰ ਸ਼ਾਮ ਖ਼ਤਮ ਕਰ ਦਿੱਤਾ ਹੈ।
ਇਹ ਧਰਨਾ ਬੀਤੇ ਦਿਨ 28 ਸਤੰਬਰ ਨੂੰ ਲਾਇਆ ਗਿਆ ਸੀ। ਸਭਾ ਦੇ ਜਨਰਲ ਸਕੱਤਰ ਮੰਗਾ ਆਜ਼ਾਦ ਨੇ ਦੱਸਿਆ ਕਿ ਪੁਲੀਸ ਦੇ ਏਡੀਸੀਪੀ ਐੱਚਐੱਸ ਰੰਧਾਵਾ ਨੇ ਧਰਨੇ ਵਾਲੀ ਥਾਂ ’ਤੇ ਆ ਕੇ ਮੁੱਖ ਮੰਤਰੀ ਨਾਲ ਮੀਟਿੰਗ ਤੈਅ ਹੋਣ ਦਾ ਐਲਾਨ ਕੀਤਾ। ਪੁਲੀਸ ਅਧਿਕਾਰੀ ਨੇ ਧਰਨਾਕਾਰੀਆਂ ਨੂੰ ਦੱਸਿਆ ਕਿ ਮੁੱਖ ਮੰਤਰੀ ਨੇ 13 ਅਕਤੂਬਰ ਨੂੰ ਮੀਟਿੰਗ ਵਿੱਚ ਜੱਲ੍ਹਿਆਂਵਾਲਾ ਬਾਗ ਨਵੀਨੀਕਰਨ ਦਾ ਵਿਰੋਧ ਕਰ ਰਹੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਗੱਲਬਾਤ ਵਾਸਤੇ ਸੱਦਿਆ ਹੈ। ਸਭਾ ਦੇ ਆਗੂ ਨੇ ਦੱਸਿਆ ਕਿ ਇਸ ਤੋਂ ਇਲਾਵਾ ਟਿਕਟ ਖਿੜਕੀ ਦੇ ਨੇੜੇ ਲਾਈਆਂ ਮਸ਼ੀਨਾਂ ਹਟਾਉਣ ਅਤੇ ਟਿਕਟ ਨਾ ਲਾਉਣ ਦਾ ਵੀ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ 13 ਅਕਤੂਬਰ ਨੂੰ ਇਸ ਮਾਮਲੇ ਬਾਰੇ ਕੋਈ ਫ਼ੈਸਲਾਕੁਨ ਗੱਲ ਨਾ ਹੋਈ ਤਾਂ ਜਥੇਬੰਦੀ ਮੁੜ ਪੱਕਾ ਮੋਰਚਾ ਲਾਉਣ ਬਾਰੇ ਵਿਚਾਰ ਕਰੇਗੀ। ਇਸ ਤੋਂ ਪਹਿਲਾਂ ਦਿਨ ਭਰ ਪੰਜਾਬ ਦੇ ਵੱਖ ਵੱਖ ਥਾਵਾਂ ਤੋਂ ਪੁੱਜੇ ਨੌਜਵਾਨ ਜੱਲ੍ਹਿਆਂਵਾਲਾ ਬਾਗ ਅੱਗੇ ਧਰਨੇ ’ਤੇ ਡਟੇ ਰਹੇ। ਅੱਜ ਦੇ ਧਰਨੇ ਨੂੰ ਆਲ ਇੰਡੀਆ ਫਰੀਡਮ ਫਾਈਟਰ ਫੈਮਿਲੀ, ਸ਼ਹੀਦ ਭਗਤ ਸਿੰਘ ਐਸੋਸੀਏਸ਼ਨ, ਕਿਰਤੀ ਕਿਸਾਨ ਮੋਰਚਾ ਜਥੇਬੰਦੀਆਂ ਦੇ ਕਾਰਕੁਨਾਂ ਨੇ ਵੀ ਸਮਰਥਨ ਦਿੱਤਾ।