ਖੇਤਰੀ ਪ੍ਰਤੀਨਿੱਧ
ਪਟਿਆਲਾ, 18 ਅਕਤੂਬਰ
ਕਰੋਨਾ ਦੇ ਕਹਿਰ ਦੌਰਾਨ ਮੈਡੀਕਲ ਰਿਸਰਚ ਵਿਭਾਗ ਵੱਲੋਂ ਆਊਟ ਸੋਰਸ ਪ੍ਰਣਾਲੀ ਰਾਹੀਂ ਭਰਤੀ ਕੀਤੇ ਗਏ 55 ਡਾਟਾ ਐਂਟਰੀ ਅਪਰੇਟਰਾਂ ਅਤੇ 20 ਸਵੀਪਰਾਂ ਨੂੰ ਅੱਜ ਵਿਹਲੇ ਕਰ ਦਿੱਤਾ ਗਿਆ ਹੈ ਜਿਸ ਦੇ ਰੋਸ ਵਜੋਂ ‘ਪੰਜਾਬ ਕਰੋਨਾ ਲੈਬ ਮੁਲਾਜ਼ਮ ਯੂਨੀਅਨ’ ਦੇ ਅਧੀਨ ਆਉਂਦੇ ਛੇ ਵਰਗਾਂ ਦੇ ਮੁਲਾਜ਼ਮਾਂ ਵੱਲੋਂ 20 ਅਕਤੂਬਰ ਤੋਂ ਪੰਜਾਬ ਭਰ ਵਿਚਲੀਆਂ ਸੱਤ ਸਰਕਾਰੀ ਲੈਬਾਂ ਵਿਚ ਕੀਤੇ ਜਾਂਦੇ ਕਰੋਨਾ ਟੈਸਟਾਂ ਅਤੇ ਇਸ ਸਬੰਧੀ ਹੋਰ ਤਰ੍ਹਾਂ ਦੇ ਕੰਮ ਦੇ ਬਾਈਕਾਟ ਦਾ ਐਲਾਨ ਕੀਤਾ ਹੈ। ਯੂਨੀਅਨ ਦੇ ਸੂਬਾਈ ਪ੍ਰਧਾਨ ਪਲਜਿੰਦਰ ਸਿੰਘ ਦੀ ਅਗਵਾਈ ਹੇਠਾਂ ਅੱਜ 18 ਦੇਰ ਸ਼ਾਮ ਲਏ ਗਏ ਇਸ ਫੈਸਲੇ ਬਾਰੇ ਪ੍ਰੈੱਸ ਸਕੱਤਰ ਕੁਲਦੀਪ ਸਿੰਘ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਸਮਰੱਥ ਅਧਿਕਾਰੀਆਂ ਵੱਲੋਂ ਭਲਕ ਤੋਂ ਡਿਊਟੀਆਂ ’ਤੇ ਨਾ ਆਉਣ ਦੇ ਹੁਕਮ ਸੁਣਾ ਦਿੱਤੇ ਹਨ ਜਿਸ ਮਗਰੋਂ ਉਨ੍ਹਾਂ ਨੂੰ 20 ਅਕਤੂਬਰ ਤੋਂ ਸੂਬਾਈ ਹੜਤਾਲ ਦਾ ਫੈਸਲਾ ਲਿਆ ਹੈ। ਹੜਤਾਲ਼ ’ਚ ਰਿਸਰਚ ਸਾਇੰਸਟਿਸਟ, ਰਿਸਰਚ ਅਸਿਸਟੈਂਟ, ਲੈਬ ਤਕਨੀਸ਼ਨ, ਲੈਬ ਅਟੈਂਡੈਂਟ, ਡਾਟਾ ਐਂਟਰੀ ਅਪਰੇਟਰ ਅਤੇ ਸਵੀਪਰ ਹਿੱਸਾ ਲੈਣਗੇ। ਇਸ ਮੌਕੇ ਅਮਨਦੀਪ ਸਿੰਘ, ਮੀਤ ਪ੍ਰਧਾਨ ਡਾ. ਰਵਿੰਦਰ ਸਿੰਘ, ਜਨਰਲ ਸਕੱਤਰ ਡਾ. ਐੱਸ ਮਲਿਕ, ਖਜ਼ਾਨਚੀ ਅਮਰਜੀਤ ਸਿੰਘ, ਸਲਹਕਾਰ ਡਾ. ਗਗਨਦੀਪ ਸਿੰਘ , ਆਸ਼ਾ ਰਾਣੀ ਅਤੇ ਮੋਹਿਤ ਭੱਲਾ ਹਾਜ਼ਰ ਸਨ।