ਪੱਤਰ ਪ੍ਰੇਰਕ
ਮਾਨਸਾ, 29 ਜੂਨ
ਪੰਜਾਬ ਵਿਚ ਅੱਜ ਸਾਰਾ ਦਿਨ ਬੱਦਲਵਾਈ ਰਹੀ ਅਤੇ ਚੰਡੀਗੜ੍ਹ ਤੇ ਨੇੜਲੇ ਖੇਤਰ ਵਿਚ ਹਲਕਾ ਮੀਂਹ ਪਿਆ। ਅਜਿਹੇ ਵਿਚ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ। ਉਂਜ ਭਲਕੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਇਲਾਕਿਆਂ ਵਿੱਚ ਦਸਤਕ ਦੇ ਸਕਦੀ ਹੈ। ਮੌਸਮ ਵਿਭਾਗ ਅਨੁਸਾਰ 30 ਜੂਨ ਦੀ ਸਵੇਰ ਤੋਂ ਪਹਿਲੀ ਜੁਲਾਈ ਤੱਕ ਮੌਨਸੂਨ ਨਾਲ ਉਕਤ ਥਾਵਾਂ ’ਤੇ ਭਰਵਾਂ ਮੀਂਹ ਪੈ ਸਕਦਾ ਹੈ। ਹਾਲਾਂਕਿ ਪ੍ਰੀ-ਮੌਨਸੂਨ ਪੌਣਾਂ ਨਾਲ ਪੰਜਾਬ ਅਤੇ ਹਰਿਆਣਾ ਵਿੱਚ ਹਫ਼ਤਾ ਪਹਿਲਾਂ ਮੀਂਹ ਪੈਣ ਦੀ ਉਮੀਦ ਸੀ ਪਰ ਅਜਿਹਾ ਨਹੀਂ ਹੋ ਸਕਿਆ।
ਗ੍ਰਾਮੀਣ ਕ੍ਰਿਸ਼ੀ ਮੌਸਮ ਸੇਵਾ (ਭਾਰਤ ਮੌਸਮ ਵਿਭਾਗ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮੀ ਸਲਾਹ ਬੁਲੇਟਿਨ ਅਨੁਸਾਰ 30 ਜੂਨ ਤੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਸੰਭਾਵਨਾ ਹੈ ਜਦਕਿ ਪਹਿਲੀ ਜੁਲਾਈ ਦੋ ਦਿਨ ਚੰਗੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਡਾ. ਰਾਜ ਕੁਮਾਰ ਪਾਲ ਨੇ ਦੱਸਿਆ ਕਿ 30 ਜੂੁਨ ਤੋਂ ਮੌਨਸੂਨ ਪੌਣਾਂ ਪੁੱਜਣ ਨਾਲ ਪੂਰੇ ਪੰਜਾਬ ਵਿੱਚ ਟੁੱਟਵੀਂ ਬਰਸਾਤ ਹੋ ਸਕਦੀ ਹੈ ਅਤੇ ਪੂਰਬੀ ਪੰਜਾਬ ਅਤੇ ਪੁਆਧ ਵਿੱਚ ਪਹਿਲੀ ਜੁਲਾਈ ਤੋਂ ਚੰਗੀ ਬਾਰਿਸ਼ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਵੀਰਵਾਰ ਨੂੰ ਮੌਨਸੂਨ ਦੀ ਪਹਿਲੀ ਬਾਰਿਸ਼ ਪੰਜਾਬ ਦੇ ਜ਼ਿਆਦਾਤਰ ਹਿੱਸੇ ਵਿਚ ਸ਼ੁਰੂ ਹੋ ਜਾਵੇਗੀ ਅਤੇ ਇਸੇ ਦਿਨ ਹੀ ਰਾਜ ਦੇ ਪੱਛਮੀ ਅਤੇ ਕੇਂਦਰੀ ਜ਼ਿਲ੍ਹਿਆਂ ਵਿੱਚ ਵੀ ਮੀਂਹ ਪਵੇਗਾ। ਪਹਿਲੀ ਜੁਲਾਈ ਤੋਂ ਪੰਜਾਬ ਦੇ ਹਰ ਹਿੱਸੇ ਮੌਨਸੂਨ ਆਪਣੀ ਹਾਜ਼ਰੀ ਲਵਾਏਗੀ।