ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 10 ਅਕਤੂਬਰ
ਦਿੱਲੀ ਤੋਂ ਬੀਜੇਪੀ ਦੇ ਮੈਂਬਰ ਪਾਰਲੀਮੈਂਟ ਹੰਸ ਰਾਜ ਹੰਸ ਦੇ ਜੀਵਨ ’ਤੇ ਆਧਾਰਿਤ ਅਤੇ ਲੇਖਕ ਸ਼ਰਨਜੀਤ ਬੈਂਸ ਦੁਆਰਾ ਰਚਿਤ ਪੁਸਤਕ ‘ਰਾਗ, ਰੂਹਾਨੀਅਤ ਤੋਂ ਰਾਜ ਭਾਗ ਤੱਕ’ ਅੱਜ ਵਿਰਾਸਤ-ਏ-ਖਾਲਸਾ ਦੇ ਆਡੀਟੋਰੀਅਮ ਵਿੱਚ ਰਿਲੀਜ਼ ਕੀਤੀ ਗਈ। ਅੱਜ ਦੇ ਪੁਸਤਕ ਰਿਲੀਜ਼ ਸਮਾਗਮ ਵਿੱਚ ਜਿੱਥੇ ਹੰਸ ਰਾਜ ਹੰਸ ਆਪ ਵਿਸ਼ੇਸ਼ ਤੌਰ ’ਤੇ ਆਨੰਦਪੁਰ ਸਾਹਿਬ ਪੁੱਜੇ, ਉੱਥੇ ਹੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਤੇ ਸਮਾਜ ਸੇਵੀ ਡਾ. ਐੱਸਪੀ ਸਿੰਘ ਓਬਰਾਏ, ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਰਾਜ ਬਹਾਦਰ, ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿਤਾ ਸੋਹਣ ਸਿੰਘ ਬੈਂਸ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਪੁਸਤਕ ਲੋਕ ਅਰਪਣ ਕੀਤੀ ਗਈ। ਇਸ ਪੁਸਤਕ ਸਬੰਧੀ ਵਿਸ਼ੇਸ਼ ਤੌਰ ’ਤੇ ਡਾ. ਦਵਿੰਦਰ ਸੈਫੀ ਅਤੇ ਡਾ. ਦਰਸ਼ਨ ਬੁੱਟਰ ਨੇ ਰਾਜ ਗਾਇਕ ਹੰਸ ਰਾਜ ਹੰਸ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਸਮਾਗਮ ਦੇ ਮੁੱਖ ਮਹਿਮਾਨ ਮੈਂਬਰ ਪਾਰਲੀਮੈਂਟ ਹੰਸ ਰਾਜ ਹੰਸ ਨੇ ਕਿਹਾ ਕਿ ਸ਼ਰਨਜੀਤ ਬੈਂਸ ਆਪਣੇ ਯਤਨ ਵਿੱਚ ਸਫ਼ਲ ਹੋਏ ਹਨ।