ਪੱਤਰ ਪ੍ਰੇਰਕ
ਸ੍ਰੀ ਫ਼ਤਹਿਗੜ੍ਹ ਸਾਹਿਬ, 5 ਜੁਲਾਈ
ਸਰਹਿੰਦ ਜੀਟੀ ਰੋਡ ’ਤੇ ਸਥਿਤ ਮੁੱਖ ਸਬਜ਼ੀ ਮੰਡੀ ’ਚ ਸਬਜ਼ੀ ਅਤੇ ਫਲਾਂ ਆਦਿ ਢੋਣ ਦਾ ਕੰਮ ਕਰਦੇ ਰੇਹੜੀ ਚਾਲਕਾਂ, ਟੈਂਪੂ ਚਾਲਕਾਂ ਅਤੇ ਸਬਜ਼ੀ ਵੇਚਣ ਆਉਂਦੇ ਕਿਸਾਨਾਂ ਤੋਂ ਠੇਕੇਦਾਰ ਵੱਲੋਂ ਪਰਚੀ ਕੱਟ ਕੇ ਪੈਸੇ ਵਸੂਲਣ ਦਾ ਮਾਮਲਾ ਤੂਲ ਫੜਦਾ ਨਜ਼ਰ ਆ ਰਿਹਾ ਹੈ। ਸਰਹਿੰਦ ਮੰਡੀ ਵਿੱਚ ਅੱਜ ਰੇਹੜੀ-ਟੈਂਪੂ ਚਾਲਕਾਂ ਅਤੇ ਮੰਡੀ ’ਚ ਆਪਣੇ ਵਾਹਨਾਂ ਰਾਹੀਂ ਸਬਜ਼ੀ ਵੇਚਣ ਆਉਂਦੇ ਕਿਸਾਨਾਂ ਵੱਲੋਂ ਹਲਕਾ ਫ਼ਤਹਿਗੜ੍ਹ ਸਾਹਿਬ ਦੇ ‘ਆਪ’ ਵਿਧਾਇਕ ਲਖਬੀਰ ਸਿੰਘ ਰਾਏ ਅਤੇ ਭਗਵੰਤ ਮਾਨ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਤਿੱਖੀ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਭੁਪਿੰਦਰ ਸਿੰਘ, ਪਰਮਜੀਤ ਸਿੰਘ, ਮੇਜਰ ਸਿੰਘ, ਰਾਜਿੰਦਰ ਸਿੰਘ, ਸਰਬਜੀਤ ਸਿੰਘ, ਗੋਪੀ ਮਲੋਕਮਾਜਰਾ ਅਤੇ ਮੱਖਣ ਸਿੰਘ ਆਦਿ ਨੇ ਦੱਸਿਆ ਕਿ ਸਰਹਿੰਦ ਦੀ ਇਹ ਮੰਡੀ 1993 ’ਚ ਬਣੀ ਸੀ ਤੇ ਹੁਣ ਤੱਕ ਕਿਸੇ ਵੀ ਸਰਕਾਰ ਵੱਲੋਂ ਰੇਹੜੀ-ਟੈਂਪੂ ਚਾਲਕਾਂ ਅਤੇ ਕਿਸਾਨਾਂ ਤੋਂ ਪਰਚੀ ਨਹੀਂ ਸੀ ਵਸੂਲੀ ਗਈ ਪਰ ਬਦਲਾਅ ਦੀ ਗੱਲ ਕਰਨ ਵਾਲੀ ਜਿਸ ਆਮ ਆਦਮੀ ਪਾਰਟੀ ਨੂੰ ਉਨ੍ਹਾਂ ਨੇ ਵੱਧ-ਚੜ੍ਹ ਕੇ ਵੋਟਾਂ ਪਾਈਆਂ, ਉਨ੍ਹਾਂ ਵੱਲੋਂ ਹੀ ਗੁੰਡਾ ਪਰਚੀ ਲਗਾ ਕੇ ਗਰੀਬਾਂ ਦਾ ਖੂਨ ਚੂਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਧੱਕੇਸ਼ਾਹੀ ਤੁਰੰਤ ਬੰਦ ਨਾ ਕੀਤੀ ਗਈ ਤਾਂ ਉਹ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਮੰਡੀ ਦੇ ਸਾਰੇ ਗੇਟ ਬੰਦ ਕਰਕੇ ਪੱਕਾ ਧਰਨਾ ਲਗਾਉਣ ਨੂੰ ਮਜਬੂਰ ਹੋਣਗੇ।
ਇਸ ਸਬੰਧੀ ਠੇਕੇਦਾਰ ਸੁਖਚੈਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਕੱਢੇ ਗਏ ਟੈਂਡਰ ਰਾਹੀਂ ਉਨ੍ਹਾਂ ਨੇ ਇਹ ਠੇਕਾ ਲਿਆ ਹੈ ਤੇ ਸਰਕਾਰ ਦੀ ਹਦਾਇਤ ਹੈ ਕਿ ਜਿੰਨੇ ਗੇੜੇ ਕੋਈ ਰੇਹੜੀ-ਟੈਂਪੂ ਚਾਲਕ ਮੰਡੀ ’ਚ ਲਗਾਉਂਦਾ ਹੈ, ਉਨੀ ਵਾਰੀ ਹੀ ਉਸ ਦੀ ਪਰਚੀ ਕੱਟੀ ਜਾਵੇ, ਜਦੋਂਕਿ ਉਹ ਤਾਂ ਦਿਨ ’ਚ ਸਿਰਫ ਇੱਕ ਵਾਰ ਹੀ ਪਰਚੀ ਕਟਵਾਉਣ ਲਈ ਕਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕਿਸੇ ਨਾਲ ਵੀ ਕੋਈ ਵਧੀਕੀ ਨਹੀਂ ਕੀਤੀ ਜਾ ਰਹੀ।