ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ , 4 ਅਪਰੈਲ
ਲੰਘੇ ਦਿਨੀਂ ਸ਼ਹਿਰ ਦੀ ਚਾਰ ਸਾਲਾਂ ਦੀ ਬੱਚੀ ਨਾਲ ਇੱਕ ਨਿੱਜੀ ਸਕੂਲ ਵਿੱਚ ਹੋਏ ਕਥਿਤ ਜਬਰ-ਜਨਾਹ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਸਬੰਧਤ ਸਕੂਲ ਅਤੇ ਸੁਖਜਿੰਦਰਾ ਗਰੁੱਪ ਆਫ਼ ਇੰਸਟੀਚਿਊਟਸ ਦੇ ਚੇਅਰਮੈਨ ਸਵਿੰਦਰ ਸਿੰਘ ਗਿੱਲ ਅਤੇ ਸਕੂਲ ਪ੍ਰਬੰਧਕ ਜੈਦੀਪ ਸਿੰਘ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਸੋਮਵਾਰ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਨਿੱਜੀ ਸਿੱਖਿਆ ਅਦਾਰਿਆਂ ਨੇ ਰੋਸ ਵਜੋਂ ਅਦਾਰੇ ਬੰਦ ਰੱਖੇ। ਸਕੂਲਾਂ ਕਾਲਜਾਂ ਦੇ ਸੰਗਠਨ ਦੇ ਗੁਰਦਾਸਪੁਰ ਪ੍ਰਧਾਨ ਮੋਹਿਤ ਮਹਾਜਨ ਨੇ ਦੱਸਿਆ ਕਿ ਅਦਾਰੇ ਬੰਦ ਕਰ ਕੇ ਸ਼ਾਂਤਮਈ ਢੰਗ ਨਾਲ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਮੰਗਲਵਾਰ ਨੂੰ ਜ਼ਿਲ੍ਹੇ ਅੰਦਰ ਸਾਰੇ ਨਿੱਜੀ ਸਿੱਖਿਆ ਅਦਾਰੇ ਖੁੱਲ੍ਹਣਗੇ ਅਤੇ ਜੇਕਰ ਪੁਲੀਸ ਪ੍ਰਸ਼ਾਸਨ ਨੇ ਉਨ੍ਹਾਂ ਦੀ ਮੰਗ ਨਾ ਮੰਨੀ ਤਾਂ ਪੂਰੇ ਪੰਜਾਬ ਵਿੱਚ ਨਿੱਜੀ ਸਿੱਖਿਆ ਅਦਾਰੇ ਬੰਦ ਰੱਖ ਕੇ ਰੋਸ ਪ੍ਰਗਟਾਉਣ ਲਈ ਨਵਾਂ ਐਲਾਨ ਕੀਤਾ ਜਾਵੇਗਾ। ਇਸੇ ਦੌਰਾਨ ਮਾਮਲੇ ਦੀ ਜਾਂਚ ਲਈ ਗੁਰਦਾਸਪੁਰ ਪੁਲੀਸ ਵੱਲੋਂ ਪੰਜ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਸਿਟ) ਕਾਇਮ ਕੀਤੀ ਹੈ। ਐੱਸਐੱਸਪੀ ਗੁਰਦਾਸਪੁਰ ਹਰਜੀਤ ਸਿੰਘ ਨੇ ਦੱਸਿਆ ਕਿ ਸਿਟ ਦੀ ਅਗਵਾਈ ਐੱਸਪੀ (ਇਨਵੈਸਟੀਗੇਸ਼ਨ) ਕਰਨਗੇੇ। ਦੂਸਰੇ ਪਾਸੇ ਅੱਜ ਸਕੂਲ ਦੇ ਚੇਅਰਮੈਨ ਸਵਿੰਦਰ ਸਿੰਘ ਗਿੱਲ ਅਤੇ ਉਨ੍ਹਾਂ ਦੇ ਭਤੀਜੇ ਜੈਦੀਪ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਨ ਮਗਰੋਂ 18 ਅਪਰੈਲ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।