ਨਿੱਜੀ ਪੱਤਰ ਪ੍ਰੇਰਕ
ਜਲੰਧਰ, 3 ਅਗਸਤ
ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜੱਥੇਦਾਰ ਧਿਆਨ ਸਿੰਘ ਮੰਡ ਨੇ ਸੰਦੇਸ਼ ਜਾਰੀ ਕਰ ਕੇ ਕਿਹਾ ਹੈ ਕਿ ਸਿੱਖ ਕੌਮ ਨੂੰ ਰਾਮ ਜਨਮ ਭੂਮੀ ਵਿਚ ਮੰਦਰ ਦੀ ਨੀਂਹ ਰੱਖਣ ਦੇ ਮਾਮਲੇ ਵਿੱਚ ਆਪਣੇ ਆਪ ਨੂੰ ਵੱਖ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 5 ਅਗਸਤ ਨੂੰ ਹੋਣ ਵਾਲੇ ਸਮਾਗਮ ਵਿੱਚ ਸਿੱਖ ਕੌਮ ਹਿੱਸਾ ਨਾ ਲਵੇ। ਉਨ੍ਹਾਂ ਕਿਹਾ ਕਿ ਇਹ ਝਗੜੇ ਵਾਲੀ ਥਾਂ ਹੈ। ਸਿੱਖ ਕੌਮ ਲਈ ਹਿੰਦੂ ਤੇ ਮੁਸਲਮਾਨ ਕੌਮ ਦੋਵੇਂ ਇੱਕੋ ਜਿਹੇ ਸਤਿਕਾਰ ਦੇ ਪਾਤਰ ਹਨ। ਉਨ੍ਹਾਂ ਆਪਣੀ ਅਪੀਲ ਵਿੱਚ ਕਿਹਾ ਕਿ ਸਿੱਖ ਕੌਮ ਸਾਰੇ ਧਰਮਾਂ ਦਾ ਸਤਿਕਾਰ ਵੀ ਕਰਦੀ ਹੈ ਤੇ ਲੋੜ ਪੈਣ ’ਤੇ ਦੂਸਰਿਆਂ ਦੀ ਖਾਤਰ ਕੁਰਬਾਨੀਆਂ ਵੀ ਦਿੰਦੀ ਆਈ ਹੈ। ਇਸ ਕਰ ਕੇ ਿਸੱਖ ਕੌਮ ਨੂੰ ਬੇਲੋੜੇ ਵਿਵਾਦ ਵਿਚ ਨਹੀਂ ਪੈਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇ ਝਗੜਾ ਨਬਿੇੜਣ ਲਈ ਸਿੱਖ ਕੌਮ ਦੇ ਆਗੂਆਂ ਨੂੰ ਬੁਲਾਇਆ ਜਾਂਦਾ ਹੈ ਤਾਂ ਜ਼ਰੂਰ ਜਾਣਗੇ।