ਅੰਮ੍ਰਿਤਸਰ (ਜਸਬੀਰ ਸਿੰਘ ਸੱਗੂ): ਕੇਂਦਰੀ ਮਜ਼ਦੂਰ ਤੇ ਮੁਲਾਜ਼ਮ ਜਥੇਬੰਦੀਆਂ ਦੇ ਸੱਦੇ ਤਹਿਤ ਦੇਸ਼ਿਵਆਪੀ ਹੜਤਾਲ ਵਿੱਚ ਸ਼ਾਮਲ ਹੁੰਦਿਆਂ ਫੈਕਟਰੀਆਂ ਦੇ ਮਜ਼ਦੂਰਾਂ ਤੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਵੱਲੋਂ ਅੱਜ ਇੱਥੇ ਭੰਡਾਰੀ ਪੁਲ ’ਤੇ ਰੈਲੀ ਕੀਤੀ ਗਈ। ਇਸ ਰੈਲੀ ਵਿਚ ਬੈਂਕਾਂ ਦੇ ਮੁਲਾਜ਼ਮਾਂ ਤੇ ਭੱਠਾ ਮਜ਼ਦੂਰਾਂ ਤੋਂ ਇਲਾਵਾ ਨਗਰ ਨਿਗਮ ਤੇ ਬਿਜਲੀ ਮੁਲਾਜ਼ਮ, ਟਰਾਂਸਪੋਰਟ ਵਰਕਰ, ਟੈਲੀਕੌਮ, ਡਾਕ, ਬੀਆਰਟੀਐੱਸ ਮੁਲਾਜ਼ਮ, ਆਂਗਣਵਾੜੀ ਵਰਕਰ, ਆਸ਼ਾ ਵਰਕਰ, ਸਿਹਤ ਕਰਮਚਾਰੀ, ਅਧਿਆਪਕ ਅਤੇ ਬੀਮਾ ਮੁਲਾਜ਼ਮ ਵੀ ਸ਼ਾਮਲ ਹੋਏ। ਇਸ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਕਾਮਰੇਡ ਵਿਜੈ ਮਿਸ਼ਰਾ, ਕਾਮਰੇਡ ਅਮਰਜੀਤ ਸਿੰਘ ਆਸਲ, ਕੁਲਵੰਤ ਸਿੰਘ ਬਾਵਾ, ਦਸਵਿੰਦਰ ਕੌਰ, ਜਗਤਾਰ ਸਿੰਘ ਕਰਮਪੁਰਾ, ਸੁਰੇਸ਼ ਭਾਟੀਆ, ਰਾਕੇਸ਼ ਬਜਾਜ, ਡਾ. ਭੁਪਿੰਦਰ ਸਿੰਘ, ਬ੍ਰਹਮਦੇਵ ਸ਼ਰਮਾ, ਵਿਜੈ ਕੁਮਾਰ, ਕੇਵਲਜੀਤ ਤੇ ਡਾ. ਬਲਵਿੰਦਰ ਸਿੰਘ ਛੇਹਰਟਾ, ਵਿਨੋਦ ਬਿੱਟਾ ਅਤੇ ਸੁਰਿੰਦਰ ਟੋਨਾ ਨੇ ਕੇਂਦਰ ਸਰਕਾਰ ਦੀਆਂ ਮਜ਼ਦੂਰ ਤੇ ਮੁਲਾਜ਼ਮ ਵਿਰੋਧੀ ਨੀਤੀਆਂ ਦੀ ਨਿੰਦਾ ਕੀਤੀ। ਉਨ੍ਹਾਂ ਮੰਗ ਕੀਤੀ ਕਿ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਮਜ਼ਦੂਰ ਵਿਰੋਧੀ ਸੋਧਾਂ ਤੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਤੁਰੰਤ ਰੱਦ ਕੀਤੇ ਜਾਣ।ਰੈਲੀ ਤੋਂ ਪਹਿਲਾਂ ਸਮੂਹ ਮੁਲਾਜ਼ਮ ਅਤੇ ਮਜ਼ਦੂਰ ਜਥੇਬੰਦੀਆਂ ਦੇ ਕਾਰਕੁਨ ਜਲੂਸ ਦੀ ਸ਼ਕਲ ਵਿੱਚ ਭੰਡਾਰੀ ਪੁਲ ’ਤੇ ਪਹੁੰਚੇ। ਇਸ ਮੌਕੇ ਕੁਲਵੰਤ ਰਾਏ ਬਾਵਾ, ਮੋਹਨ ਲਾਲ, ਸ਼ੌਕਤ ਮਸੀਹ, ਕੁਲਵੰਤ ਕੌਰ, ਸੁਲੱਖਣ ਸਿੰਘ, ਗੁਰਵਿੰਦਰ ਵਾਲੀਆ, ਬਲਦੇਵ ਸਿੰਘ ਅਤੇ ਛਿੰਦਾ ਪ੍ਰਧਾਨ ਵੀ ਮੌਜੂਦ ਸਨ।