ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 21 ਮਈ
ਪੰਜਾਬ ਦੇ ਮਾਲਵਾ ਖੇਤਰ ਵਿੱਚ ਅੱਜ ਦੇਰ ਸ਼ਾਮ ਕੁਝ ਥਾਵਾਂ ’ਤੇ ਹਲਕਾ ਅਤੇ ਦਰਮਿਆਨਾ ਮੀਂਹ ਪਿਆ। ਇਸ ਦੌਰਾਨ ਕੁਝ ਥਾਵਾਂ ’ਤੇ ਗੜੇ ਪਏ ਅਤੇ ਤੇਜ਼ ਹਵਾਵਾਂ ਚੱਲੀਆਂ। ਹਾਲਾਂਕਿ ਇਨ੍ਹਾਂ ਗੜਿਆਂ ਨਾਲ ਕਿਤੇ ਵੀ ਕੋਈ ਨੁਕਸਾਨ ਦੀ ਖ਼ਬਰ ਨਹੀਂ ਹੈ। ਮੀਂਹ ਪੈਣ ਮਗਰੋਂ ਪਾਰਾ ਡਿੱਗ ਗਿਆ ਅਤੇ ਹਵਾ ਦੇ ਠੰਢੇ ਬੁੱਲਿਆਂ ਨੇ ਲੋਕਾਂ ਨੂੰ ਰਾਹਤ ਦਿੱਤੀ। ਹਾਲਾਂਕਿ ਪੰਜਾਬ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਦਰਜ ਕੀਤਾ ਗਿਆ। ਬੀਤੀ ਸ਼ਾਮ ਪਟਿਆਲਾ ਅਤੇ ਨੇੜਲੇ ਖੇਤਰਾਂ ਵਿੱਚ ਹਨੇਰੀ ਆਉਣ ਕਾਰਨ ਕੁਝ ਥਾਵਾਂ ’ਤੇ ਬੱਤੀ ਗੁੱਲ ਰਹਿਣ ਦੀ ਵੀ ਖ਼ਬਰ ਹੈ।
ਮੌਸਮ ਵਿਭਾਗ ਨੇ ਪੰਜਾਬ ਵਿੱਚ ਅਗਲੇ 72 ਘੰਟਿਆਂ ਦੌਰਾਨ ਮੌਸਮ ਖ਼ਰਾਬ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਅਨੁਸਾਰ 23 ਮਈ ਨੂੰ ਕੁਝ ਥਾਵਾਂ ’ਤੇ ਮੀਂਹ ਨਾਲ ਗੜੇ ਵੀ ਪੈ ਸਕਦੇ ਹਨ ਅਤੇ 22 ਤੋਂ 24 ਮਈ ਤੱਕ ਲੋਕਾਂ ਨੂੰ ਮੀਂਹ ਨਾਲ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਇਸ ਦੌਰਾਨ 50 ਤੋਂ 60 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ ਵਿੱਚ ਮੁਕਤਸਰ ਸ਼ਹਿਰ ਸਭ ਤੋਂ ਗਰਮ ਸ਼ਹਿਰ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 43.5 ਡਿਗਰੀ ਦਰਜ ਕੀਤਾ ਗਿਆ। ਇਸੇ ਤਰ੍ਹਾਂ ਚੰਡੀਗੜ੍ਹ ’ਚ 39.5, ਅੰਮ੍ਰਿਤਸਰ ’ਚ 41.4, ਲੁਧਿਆਣਾ ’ਚ 41.2, ਬਠਿੰਡਾ ’ਚ 41, ਗੁਰਦਾਸਪੁਰ ’ਚ 39.2, ਬਰਨਾਲਾ ’ਚ 41.7, ਫਿਰੋਜ਼ਪੁਰ ’ਚ 42.2, ਹੁਸ਼ਿਆਰਪੁਰ ’ਚ 41.9, ਜਲੰਧਰ ’ਚ 41.3, ਮੋਗਾ ’ਚ 42.4 ਤੇ ਮੁਹਾਲੀ ’ਚ ਤਾਪਮਾਨ 39.6 ਡਿਗਰੀ ਸੈਲਸੀਅਸ ਰਿਹਾ। ਗੁਆਂਢੀ ਸੂਬੇ ਹਰਿਆਣਾ ਦੇ ਕੁਝ ਇਲਾਕਿਆਂ ਵਿੱਚ ਮੀਂਹ ਤੇ ਗੜੇਮਾਰੀ ਮਗਰੋਂ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਅੱਜ ਹਿਸਾਰ, ਰੋਹਤਕ, ਗੁਰੂਗਰਾਮ, ਭਿਵਾਨੀ, ਫਰੀਦਾਬਾਅਦ, ਝੱਜਰ, ਯਮੂਨਾਨਗਰ ਅਤੇ ਹੋਰਨਾਂ ਇਲਾਕਿਆਂ ਵਿੱਚ ਮੀਂਹ ਪਿਆ ਤੇ ਗੜੇਮਾਰੀ ਹੋਈ ਹੈ।
ਕਿਸਾਨਾਂ ਨੂੰ ਕੁਝ ਦਿਨ ਸਿੱਧੀ ਬਿਜਾਈ ਰੋਕਣ ਦੀ ਸਲਾਹ
ਮਾਨਸਾ (ਜੋਗਿੰਦਰ ਸਿੰਘ ਮਾਨ): ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਪੰਜਾਬ ਵਿੱਚ ਅਗਲੇ ਦਿਨੀਂ ਮੌਸਮ ਖ਼ਰਾਬ ਰਹਿਣ ਦਿੱਤੀ ਗਈ ਚਿਤਾਵਨੀ ਦੇ ਮੱਦੇਨਜ਼ਰ ਨਰਮੇ ਸਮੇਤ ਹੋਰ ਫ਼ਸਲਾਂ ਦੀ ਬਿਜਾਈ ਮੌਸਮ ਦੇਖ ਕੇ ਹੀ ਕਰਨ। ਮਾਹਿਰਾਂ ਮੁਤਾਬਕ ਕਈ ਮੀਂਹ ਪੈਣ ਕਾਰਨ ਝੋਨੇ ਦੀ ਕੀਤੀ ਜਾ ਰਹੀ ਸਿੱਧੀ ਬਿਜਾਈ ’ਤੇ ਕਰੰਡ ਹੋਣ ਦਾ ਖ਼ਦਸ਼ਾ ਹੈ। ਡਾ. ਜੀ ਐੱਸ ਰੋਮਾਣਾ ਨੇ ਦੱਸਿਆ ਕਿ ਕਿਸਾਨ 25 ਮਈ ਤੋਂ ਬਾਅਦ ਹੀ ਝੋਨੇ ਸਮੇਤ ਹੋਰ ਫ਼ਸਲਾਂ ਦੀ ਬਿਜਾਈ ਕਰਨ।