ਪੱਤਰ ਪ੍ਰੇਰਕ
ਫਗਵਾੜਾ, 24 ਅਗਸਤ
ਹੁਸ਼ਿਆਰਪੁਰ ਰੋਡ ’ਤੇ ਬੀਤੀ ਰਾਤ ਢਾਬੇ ’ਤੇ ਖਾਣਾ ਖਾ ਰਹੇ ਵਿਅਕਤੀਆਂ ’ਚ ਝਗੜੇ ਕਾਰਨ ਦੋ ਜਣੇ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ਦੀ ਪਛਾਣ ਗਗਨਦੀਪ ਸਿੰਘ ਦੀਪੂ ਵਾਸੀ ਸ਼ਾਮ ਐਨਕਲੇਵ ਚੱਕਹਕੀਮ ਤੇ ਸੁਰਿੰਦਰ ਕੁਮਾਰ ਬੱਬੂ ਵਾਸੀ ਪਿੰਡ ਮਲਕਪੁਰ ਵਜੋਂ ਹੋਈ ਹੈ। ਸਦਰ ਪੁਲੀਸ ਦੇ ਏ.ਐੱਸ.ਆਈ ਮਹਿੰਦਰ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਪੰਜ ਨੌਜਵਾਨ ਢਾਬੇ ’ਤੇ ਰੋਟੀ ਖਾ ਰਹੇ ਸਨ। ਇਸੇ ਦੌਰਾਨ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ। ਜਦੋਂ ਉਹ ਰੋਟੀ ਖਾ ਕੇ ਬਾਹਰ ਨਿਕਲੇ ਤਾਂ ਦੂਜੀ ਧਿਰ ਦੇ ਵਿਅਕਤੀਆਂ ਨੇ ਆਪਣੇ ਹੋਰ ਸਾਥੀ ਬੁਲਾ ਕੇ ਇਨ੍ਹਾਂ ਦੀ ਕੁੱਟਮਾਰ ਕੀਤੀ ਤੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਗਗਨਦੀਪ ਸਿੰਘ ਨੂੰ ਕਿਸੇ ਵੱਡੇ ਹਸਪਤਾਲ ਰੈਫ਼ਰ ਕੀਤਾ ਗਿਆ ਹੈ ਜਿਥੇ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।