ਪੱਤਰ ਪ੍ਰੇਰਕ
ਅੰਮ੍ਰਿਤਸਰ, 6 ਜੁਲਾਈ
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਉੱਤਰੀ ਅਮਰੀਕਾ ਦੇ ਕਨਵੀਨਰ ਅਨੰਤਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਕਤਰ ਏਅਰਵੇਜ਼ ਵੱਲੋਂ ਦੋਹਾ ਤੋਂ ਟੋਰਾਂਟੋ ਲਈ 4 ਜੁਲਾਈ ਤੋਂ ਹਫਤਾਵਾਰੀ ਤਿੰਨ ਸਿੱਧੀਆਂ ਉਡਾਣਾਂ ਸ਼ੁਰੂ ਹੋ ਰਹੀਆਂ ਹਨ ਜਿਸ ਨਾਲ ਪੰਜਾਬੀਆਂ ਨੂੰ ਵੀ ਫਾਇਦਾ ਹੋਵੇਗਾ। ਦੋਹਾ-ਟੋਰਾਂਟੋ ਉਡਾਣ ਤੋਂ ਬਾਅਦ ਪੰਜਾਬੀ ਸਿਰਫ 3 ਘੰਟੇ 45 ਮਿੰਟ ਦੇ ਇੰਤਜ਼ਾਰ ਮਗਰੋਂ ਦੋਹਾ ਤੋਂ ਟੋਰਾਂਟੋ ਜਾਂ ਅੰਮ੍ਰਿਤਸਰ ਲਈ ਉਡਾਣ ਲੈ ਸਕਣਗੇ। ਫਲਾਈ ਅੰਮ੍ਰਿਤਸਰ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਕਤਰ ਏਅਰਵੇਜ਼ ਨੇ ਅਪਰੈਲ-ਮਈ ਮਹੀਨੇ ਵਿੱਚ ਇਕੱਲੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਲਗਪਗ 8000 ਕੈਨੇਡੀਅਨ ਨਾਗਰਿਕਾਂ ਨੂੰ ਵਾਪਸ ਭੇਜਣ ਲਈ ਕੈਨੇਡਾ ਸਰਕਾਰ ਨਾਲ ਮਿਲ ਕੇ ਕੰਮ ਕੀਤਾ ਹੈ।