ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 27 ਜੂਨ
ਪੰਜਾਬ ਪੁਲੀਸ ਨੇ ਕਾਂਸਟੇਬਲਾਂ, ਹੈੱਡ ਕਾਂਸਟੇਬਲਾਂ ਅਤੇ ਸਬ-ਇੰਸਪੈਕਟਰਾਂ ਦੀ ਭਰਤੀ ਦੇ ਮੱਦੇਨਜ਼ਰ ਭਰਤੀ ਹੋਣ ਦੇ ਚਾਹਵਾਨ ਉਮੀਦਵਾਰਾਂ ਨੂੰ ਸਰੀਰਕ ਜਾਂਚ ਟੈਸਟ (ਪੀਐੱਸਟੀ) ਦੇ ਮੁਫ਼ਤ ਕੋਚਿੰਗ ਅਤੇ ਸਿਖਲਾਈ ਸੈਸ਼ਨ ਪ੍ਰਦਾਨ ਕਰਨ ਦੀ ਪਹਿਲਕਦਮੀ ਕੀਤੀ ਹੈ। ਡਾਇਰੈਕਟਰ ਜਨਰਲ ਆਫ਼ ਪੁਲੀਸ (ਡੀਜੀਪੀ), ਪੰਜਾਬ ਦਿਨਕਰ ਗੁਪਤਾ ਦੇ ਹੁਕਮਾਂ ਮਗਰੋਂ ਸਾਰੇ ਸੀਪੀਜ਼/ ਐਸੱਐੱਸਪੀਜ਼ ਨੇ ਅੱਜ ਆਪਣੇ ਸਬੰਧਤ ਜ਼ਿਲ੍ਹਿਆਂ ਦੀਆਂ ਪੁਲੀਸ ਲਾਈਨਾਂ ਅਤੇ ਸਿਖਲਾਈ ਕੇਂਦਰਾਂ ਵਿੱਚ ਸਪੈਸ਼ਲ ਦੌੜ ਅਤੇ ਲੰਬੀ ਛਾਲ ਤੇ ਉੱਚੀ ਛਾਲ ਦੀ ਸਿਖਲਾਈ ਦੇ ਕੇ ਵੱਖ ਵੱਖ ਫਿਜ਼ੀਕਲ ਟਰਾਇਲਾਂ ਲਈ ਮੁਫ਼ਤ ਕੋਚਿੰਗ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ। ਪੰਜਾਬ ਸਰਕਾਰ ਵੱਲੋਂ 4362 ਕਾਂਸਟੇਬਲਾਂ ਦੀ ਭਰਤੀ ਸਬੰਧੀ ਐਲਾਨ ਕੀਤੇ ਜਾਣ ਤੋਂ ਬਾਅਦ ਉਲੀਕੀ ਗਈ ਹੈ, ਜਿਸ ਲਈ ਅਰਜ਼ੀ ਫਾਰਮ ਜੁਲਾਈ, 2021 ਦੇ ਅੱਧ ਤੱਕ ਕੱਢੇ ਜਾਣਗੇ।