ਪੰਜਾਬ ਦੇ ਕਿਸਾਨਾਂ ਦਾ ਦਿੱਲੀ ਵੱਲ ਕੂਚ ਅੱਜ

ਹਰਿਆਣਾ ਦੀ ਸਰਹੱਦ ਨੇੜੇ ਡੇਰੇ ਲਾਏ; ਸਰਹੱਦ ’ਤੇ ਮਾਹੌਲ ਤਣਾਅਪੂਰਨ; ਮਹੀਨਿਆਂ ਦੀ ਰਸਦ ਇਕੱਠੀ ਕਰਕੇ ਕੀਤੀ ਲੰਬੇ ਸੰਘਰਸ਼ ਦੀ ਤਿਆਰੀ

ਪੰਜਾਬ ਦੇ ਕਿਸਾਨਾਂ ਦਾ ਦਿੱਲੀ ਵੱਲ ਕੂਚ ਅੱਜ

ਅੰਬਾਲਾ ਨੇੜੇ ਮੌਹੜਾ ਵਿੱਚ ਪੁਲੀਸ ਦੇ ਬੈਰੀਕੇਡ ਤੋੜ ਕੇ ਅੱਗੇ ਲੰਘਣ ਦੀ ਕੋਿਸ਼ਸ਼ ਕਰਦੇ ਹੋਏ ਕਿਸਾਨ। -ਫੋਟੋ: ਢਿੱਲੋਂ

ਦਵਿੰਦਰ ਪਾਲ
ਚੰਡੀਗੜ੍ਹ, 25 ਨਵੰਬਰ

ਪੰਜਾਬ ਦੇ ਕਿਸਾਨਾਂ ਨੇ ਪਿੰਡਾਂ ਤੋਂ ਵਹੀਰਾਂ ਘੱਤਦੇ ਹੋਏ ਹਰਿਆਣਾ ਨਾਲ ਲਗਦੀਆਂ ਸਰਹੱਦਾਂ ’ਤੇ ਡੇਰੇ ਲਾਉਣੇ ਸ਼ੁਰੂ ਕਰ ਦਿੱਤੇ ਹਨ ਜਿੱਥੋਂ ਉਹ ਭਲਕੇ 26 ਨਵੰਬਰ ਨੂੰ ਦਿੱਲੀ ਵੱਲ ਕੂਚ ਕਰਨਗੇ। ਉੱਧਰ ਬਠਿੰਡਾ-ਦਿੱਲੀ ਕੌਮੀ ਮਾਰਗ ’ਤੇ ਡੱਬਵਾਲੀ ਨੇੜੇ ਰੋਕੇ ਜਾਣ ’ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੀ ਅਗਵਾਈ ਹੇਠ ਕਿਸਾਨਾਂ ਨੇ ਹਰਿਆਣਾ ਪੁਲੀਸ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਇਸੇ ਤਰ੍ਹਾਂ ਸੰਗਰੂਰ, ਬਰਨਾਲਾ, ਮਾਨਸਾ, ਪਟਿਆਲਾ ਤੇ ਲੁਧਿਆਣਾ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਖਨੌਰੀ (ਜ਼ਿਲ੍ਹਾ ਸੰਗਰੂਰ) ਨੇੜੇ ਰੋਕੇ ਜਾਣ ਦੀਆਂ ਰਿਪੋਰਟਾਂ ਹਨ। ਦੂਜੇ ਪਾਸੇ ਪਟਿਆਲਾ ਜ਼ਿਲ੍ਹੇ ਦਾ ਸ਼ੰਭੂ ਬੈਰੀਅਰ ਸਾਰਾ ਦਿਨ ਖੁੱਲ੍ਹਾ ਰਿਹਾ ਤੇ ਵੱਡੀ ਗਿਣਤੀ ’ਚ ਕਿਸਾਨ ਹਰਿਆਣਾ ’ਚ ਦਾਖਲ ਹੋ ਗਏ। ਅੰਬਾਲਾ ਕੌਮੀ ਮਾਰਗ ਰਾਹੀਂ ਵੀ ਕਿਸੇ ਤਰ੍ਹਾਂ ਦੀ ਰੋਕ ਨਹੀਂ ਲਗਾਈ ਗਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਤੇ ਹਰਿਆਣਾ ਦੀ ਸਰਹੱਦ ’ਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਹਰਿਆਣਾ ਸਰਕਾਰ ਨੇ ਸਰਹੱਦ ’ਤੇ ਵੱਡੀਆਂ ਰੋਕਾਂ ਖੜ੍ਹੀਆਂ ਕਰ ਦਿੱਤੀਆਂ ਹਨ। ਦੋਹਾਂ ਸੂਬਿਆਂ ਨਾਲ ਲਗਦੀ ਸਰਹੱਦ ’ਤੇ ਪੈਂਦੇ ਅਹਿਮ ਲਾਂਘਿਆਂ ’ਤੇ ਵੱਡੀ ਗਿਣਤੀ ਵਿੱਚ ਹਰਿਆਣਾ ਸਰਕਾਰ ਨੇ ਪੁਲੀਸ ਤਾਇਨਾਤ ਕਰ ਦਿੱਤੀ ਹੈ ਤੇ ਸੜਕ ’ਤੇ ਵੱਡੇ-ਵੱਡੇ ਪੱਥਰਾਂ ਸਮੇਤ ਬੈਰੀਕੇਡ ਲਗਾ ਦਿੱਤੇ ਹਨ। ਸੂਬੇ ਦੀਆਂ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਕਿਸਾਨਾਂ ਨੇ 10 ਤੋਂ ਵੱਧ ਥਾਵਾਂ ਤੋਂ ਹਰਿਆਣਾ ਸੂਬੇ ’ਚੋਂ ਹੁੰਦੇ ਹੋਏ ਦਿੱਲੀ ਪਹੁੰਚਣ ਦੀ ਤਿਆਰੀ ਖਿੱਚੀ ਹੋਈ ਹੈ। ਹਰਿਆਣਾ ਪੁਲੀਸ ਨੇ ਲਾਲੜੂ, ਸ਼ੰਭੂ, ਪਿਹੋਵਾ, ਸਿਰਸਾ, ਖਨੌਰੀ, ਡੱਬਵਾਲੀ, ਸਰਦੂਲਗੜ੍ਹ, ਗੂਹਲਾ ਚੀਕਾ ਆਦਿ ਖੇਤਰਾਂ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਹੈ।

ਪੰਜਾਬ ਦੇ ਕਿਸਾਨਾਂ ਨੇ ਸਰਹੱਦ ’ਤੇ ਰੋਕਾਂ ਦੇ ਵਿਰੁੱਧ ਹਰਿਆਣਾ ਦੀ ਖੱਟੜ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂਆਂ ਸੁਖਦੇਵ ਸਿੰਘ ਕੋਕਰੀ ਕਲਾਂ, ਜੋਗਿੰਦਰ ਸਿੰਘ ਉਗਰਾਹਾਂ, ਜਗਮੋਹਨ ਸਿੰਘ ਅਤੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਹਰਿਆਣਾ ਦੀ ਸਰਹੱਦ ’ਤੇ ਇਕੱਤਰ ਹੋਣੇ ਸ਼ੁਰੂ ਹੋ ਗਏ ਹਨ ਜਿੱਥੋਂ 26 ਨਵੰਬਰ ਦੀ ਸਵੇਰ ਕੌਮੀ ਰਾਜਧਾਨੀ ਵੱਲ ਚਾਲੇ ਪਾ ਦਿੱਤੇ ਜਾਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਹੁਕਮਾਂ ਦੀ ਤਾਮੀਲ ਕਰਦਿਆਂ ਹਰਿਆਣਾ ਸਰਕਾਰ ਨੇ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਕੀਤੇ ਹਨ ਉਹ ਗ਼ੈਰ-ਕਾਨੂੰਨੀ ਅਤੇ ਗੈਰ-ਜਮਹੂਰੀ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਸ਼ਾਂਤਮਈ ਪ੍ਰਦਰਸ਼ਨ ਕਰਨਗੇ ਤੇ ਟਕਰਾਅ ਦੀ ਥਾਂ ਸੜਕਾਂ ’ਤੇ ਧਰਨੇ ਦੇਣਗੇ ਤੇ ਨਾਕਾਬੰਦੀ ਕਰ ਦਿੱਤੀ ਜਾਵੇਗੀ।

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਆਗੂਆਂ ਨੇ ਦੱਸਿਆ ਕਿ ਖਨੌਰੀ ਅਤੇ ਡੱਬਵਾਲੀ ’ਚ ਜੁੜ ਰਹੇ ਕਾਫਲਿਆਂ ਵਿੱਚ 15-16 ਜ਼ਿਲ੍ਹਿਆਂ ਤੋਂ 25000 ਤੋਂ ਵੱਧ ਔਰਤਾਂ ਅਤੇ ਹੋਰ ਵੀ ਵਧੇਰੇ ਨੌਜਵਾਨਾਂ ਸਮੇਤ ਦੋ ਲੱਖ ਕਿਸਾਨ ਮਜ਼ਦੂਰ ਸ਼ਾਮਲ ਹੋ ਰਹੇ ਹਨ। ਨਿਸ਼ਾਨੇ ’ਤੇ ਪਹੁੰਚਣ ਅਤੇ ਪੱਕਾ ਮੋਰਚਾ ਗੱਡਣ ਲਈ 4000 ਤੋਂ ਵੱਧ ਛੱਤਾਂ ਵਾਲੀਆਂ ਟਰਾਲੀਆਂ ਅਤੇ 1600 ਤੋਂ ਵੱਧ ਬੱਸਾਂ ਸਮੇਤ ਸੈਂਕੜੇ ਹੋਰ ਬੰਦ ਗੱਡੀਆਂ ਦੇ ਪ੍ਰਬੰਧ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਦਰਜਨਾਂ ਗੱਡੀਆਂ ਉੱਤੇ ਸਪੀਕਰ ਫਿੱਟ ਕੀਤੇ ਹੋਏ ਹਨ। ਇਸ ਤੋਂ ਇਲਾਵਾ ਰਾਸ਼ਨ, ਬਾਲਣ, ਭਾਂਡਿਆਂ, ਕੰਬਲਾਂ, ਤਰਪਾਲਾਂ ਅਤੇ ਹੋਰ ਜ਼ਰੂਰੀ ਵਸਤਾਂ ਦੇ ਪ੍ਰਬੰਧ ਵੀ ਲੋੜ ਅਨੁਸਾਰ ਪੂਰੇ ਕੀਤੇ ਜਾ ਚੁੱਕੇ ਹਨ। ਪੇਂਡੂ ਡਾਕਟਰਾਂ ਦੀਆਂ ਟੀਮਾਂ ਵੱਲੋਂ ਵਾਲੰਟਰੀਅਰ ਵਜੋਂ ਸੇਵਾ ਇੰਤਜ਼ਾਮ ਵੀ ਕੀਤੇ ਗਏ ਹਨ। ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਮੋਦੀ ਹਕੂਮਤ ਵੱਲੋਂ 3 ਦਸੰਬਰ ਨੂੰ ਮੁੜ ਗੱਲਬਾਤ ਦਾ ਸੱਦਾ ਕਿਸਾਨਾਂ ਅੰਦਰ ਭੁਲੇਖੇ ਪਾਉਣ ਦੀ ਬਦਨੀਤ ਜ਼ਾਹਿਰ ਕਰਦਾ ਹੈ। ਜਥੇਬੰਦੀ ਨੂੰ ਲਿਖਤੀ ਸੱਦਾ ਮਿਲਣ ਮਗਰੋਂ ਹੀ ਸਾਰੇ ਪੱਖ ਵਿਚਾਰ ਕੇ ਇਸ ਬਾਰੇ ਫ਼ੈਸਲਾ ਲਿਆ ਜਾਵੇਗਾ। ਪੰਜਾਬ ਵਿੱਚ ਚੱਲ ਰਹੇ ਧਰਨੇ ਜਾਰੀ ਰਹਿਣਗੇ।

ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਜਗਮੋਹਨ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੇ ਕਾਫ਼ਲੇ ਹਰਿਆਣਾ ਦੀ ਹੱਦ ’ਤੇ ਇਕੱਤਰ ਹੋਏ ਸ਼ੁਰੂ ਹੋ ਗਏ ਹਨ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਦਿੱਲੀ ਦੇਸ਼ ਦੀ ਰਾਜਧਾਨੀ ਹੈ ਅਤੇ ਪੰਜਾਬ ਵੀ ਭਾਰਤ ਦਾ ਹਿੱਸਾ ਹੈ। ਕਿਸਾਨਾਂ ਦਾ ਇਹ ਸੰਵਿਧਾਨਕ ਅਤੇ ਬੁਨਿਆਦੀ ਅਧਿਕਾਰ ਹੈ ਕਿ ਉਹ ਆਪਣੇ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਸ਼ਾਂਤਮਈ ਮੁਜ਼ਹਰਾ ਕਰ ਸਕਦੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤ ਰਹਿਣ। ਉੱਧਰ ਭਾਕਿਯੂ ਕਾਦੀਆਂ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਮਰੀਕ ਸਿੰਘ ਨੇ ਦੱਸਿਆ, ‘ਅੱਜ ਦੁਆਬੇ ਦੇ ਸਾਰੇ ਜ਼ਿਲ੍ਹਿਆਂ ਦੇ ਕਿਸਾਨ ਲੁਧਿਆਣਾ ’ਚ ਇਕੱਠੇ ਹੋਣ ਮਗਰੋਂ ਗੁਰਦੁਆਰਾ ਫਤਹਿਗੜ੍ਹ ਸਾਹਿਬ ਰਾਤ ਬਿਤਾਉਣਗੇ। ਇੱਥੋਂ ਭਲਕੇ ਦਿੱਲੀ ਵੱਲ ਕੂਚ ਕੀਤਾ ਜਾਵੇਗਾ।’ ਉੱਧਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ 16 ਪਿੰਡਾਂ ਦੇ ਕਿਸਾਨ ਦਿੱਲੀ ਜਾ ਰਹੇ ਹਨ।

ਘੱਟੋ-ਘੱਟ ਸਮਰਥਨ ਮੁੱਲ ਜਾਰੀ ਰਹੇਗਾ: ਕੇਂਦਰ

ਚੰਡੀਗੜ੍ਹ (ਸੌਰਭ ਮਲਿਕ): ਕੇਂਦਰ ਸਰਕਾਰ ਨੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਦੱਸਿਆ ਹੈ ਕਿ ਖੇਤੀਬਾੜੀ ਉਤਪਾਦ ਮਾਰਕੀਟ ਕਮੇਟੀਆਂ (ਏਪੀਐਮਸੀ) ਬੇਰੋਕ ਕੰਮ ਕਰਦੀਆਂ ਰਹਿਣਗੀਆਂ। ਇਸ ਤੋਂ ਇਲਾਵਾ ਘੱਟੋ-ਘੱਟ ਸਮਰਥਨ ਮੁੱਲ (ਐਮਐੱਸਪੀ) ਤਹਿਤ ਖ਼ਰੀਦ ਵੀ ਜਾਰੀ ਰਹੇਗੀ। ਚੀਫ਼ ਜਸਟਿਸ ਰਵੀ ਸ਼ੰਕਰ ਝਾਅ ਤੇ ਜਸਟਿਸ ਅਰੁਣ ਪੱਲੀ ਦੇ ਬੈਂਚ ਅੱਗੇ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ ਸਟੇਟਸ ਰਿਪੋਰਟ ਦਾਇਰ ਕੀਤੀ ਗਈ ਹੈ। ਇਸ ਵਿਚ ਮੰਤਰਾਲੇ ਨੇ ਦੱਸਿਆ ਹੈ ਕਿ ‘ਸੰਵਾਦ ਦੌਰਾਨ ਕੇਂਦਰ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਖੇਤੀ ਸੁਧਾਰ ਕਿਸਾਨਾਂ ਦੇ ਭਲੇ ਲਈ ਹਨ ਤੇ ਵਪਾਰ ਦੇ ਪਹਿਲਾਂ ਨਾਲੋਂ ਵੱਧ ਦਰਵਾਜ਼ੇ ਉਨ੍ਹਾਂ ਲਈ ਖੁੱਲ੍ਹਣਗੇ, ਹਾਲਾਂਕਿ ਏਪੀਐਮਸੀ ਤੇ ਐਮਐੱਸਪੀ ਨੂੰ ਕੋਈ ਫ਼ਰਕ ਨਹੀਂ ਪਏਗਾ ਤੇ ਇਹ ਪਹਿਲਾਂ ਵਾਂਗ ਬਣੇ ਰਹਿਣਗੇ।’ ਕੇਂਦਰ ਸਰਕਾਰ ਨੇ ਇਹ ਬਿਆਨ ਅਦਾਲਤ ਅੱਗੇ ਉਦੋਂ ਦਿੱਤੇ ਹਨ ਜਦ ਕਿਸਾਨ ਦਿੱਲੀ ਵੱਲ ਮਾਰਚ ਕਰ ਰਹੇ ਹਨ। ਕਿਸਾਨ ਸੰਗਠਨ ਵੱਲੋਂ ਪੇਸ਼ ਹੋਏ ਵਕੀਲ ਬਲਤੇਜ ਸਿੰਘ ਸਿੱਧੂ ਨੇ ਅਦਾਲਤ ਵਿਚ ਕਿਹਾ ਕਿ ਸਰਕਾਰੀ ਖੇਤਰ ਦੇ ਅਦਾਰਿਆਂ ਨੂੰ ਨਵੇਂ ਐਕਟ ਹੇਠ ਖ਼ਰੀਦਦਾਰਾਂ ਦੀ ਪਰਿਭਾਸ਼ਾ ਵਿਚੋਂ ਬਾਹਰ ਕਰ ਦਿੱਤਾ ਗਿਆ ਹੈ ਤੇ ਐਮਐੱਸਪੀ ਬਾਰੇ ਵੀ ਸਿਰਫ਼ ਜ਼ੁਬਾਨੀ ਭਰੋਸਾ ਹੀ ਦਿੱਤਾ ਜਾ ਰਿਹਾ ਹੈ। ਪੰਜਾਬ ਦੇ ਐਡਵੋਕੇਟ-ਜਨਰਲ ਅਤੁਲ ਨੰਦਾ ਨੇ ਬੈਂਚ ਅੱਗੇ ਕਿਹਾ ‘ਆਪਣੇ ਹੀ ਸੂਬੇ ਜਾਂ ਮੁਲਕ ਦਾ ਖ਼ੂਨ ਵਗਣ ਤੋਂ ਰੋਕਿਆ ਜਾਵੇ।’ ਨੰਦਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਦੋ ਮਹੀਨਿਆਂ ਤੋਂ ਮੁਜ਼ਾਹਰਾਕਾਰੀ ਕਿਸਾਨਾਂ ਨਾਲ ਤਾਲਮੇਲ ਕਰਨ ਲਈ ਤਿੰਨ ਕੈਬਨਿਟ ਮੰਤਰੀਆਂ ਦੀ ਡਿਊਟੀ ਲਾਈ ਹੋਈ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਮੁਜ਼ਾਹਰਾਕਾਰੀਆਂ ਨੂੰ ਰੇਲ ਗੱਡੀਆਂ ਚੱਲਣ ਦੇਣ ਲਈ ਵੀ ਸਹਿਮਤ ਕੀਤਾ ਹੈ। ਨੰਦਾ ਨੇ ਕਿਹਾ ਕਿ ਰੋਸ ਮੁਜ਼ਾਹਰੇ ਸ਼ਾਂਤੀ ਨਾਲ ਹੀ ਕੀਤੇ ਗਏ ਹਨ। ਬੈਂਚ ਨੇ ਕਿਹਾ ਕਿ ਪੰਜਾਬ ਨੂੰ ਵੱਡਾ ਨੁਕਸਾਨ ਹੋਇਆ ਹੈ, ਸੰਘਰਸ਼ ਸਮੱਸਿਆ ਨਹੀਂ ਹੈ, ਪਰ ਸੜਕਾਂ ਤੇ ਰੇਲ ਮਾਰਗ ਠੱਪ ਕਰਨ ਨੂੰ ਅਣਗੌਲਿਆ ਨਹੀਂ ਜਾ ਸਕਦਾ। ਬੈਂਚ ਨੇ ਜ਼ੁਬਾਨੀ ਕਿਹਾ ਕਿ ਅਦਾਲਤ ਅਜਿਹੀ ਸਥਿਤੀ ਵਿਚ ਸੀ ਜਿਸ ਵਿਚ ਸਖ਼ਤ ਹੁਕਮ ਜਾਰੀ ਕੀਤੇ ਜਾ ਸਕਦੇ ਸਨ। ਨੁਕਸਾਨ ਲਈ ਜ਼ਿੰਮੇਵਾਰੀ ਤੈਅ ਕੀਤੀ ਜਾ ਸਕਦੀ ਸੀ। ਅਦਾਲਤ ਨੇ ਮੁਜ਼ਾਹਰਾ ਕਰ ਰਹੇ ਸੰਗਠਨਾਂ, ਕੇਂਦਰ ਤੇ ਸੂਬਾ ਸਰਕਾਰਾਂ ਨੂੰ ਆਪਸੀ ਤਾਲਮੇਲ ਰਾਹੀਂ ਮਸਲਾ ਸੁਲਝਾਉਣ ਲਈ ਕਿਹਾ।

ਕਿਸਾਨਾਂ ਦੀ ਗ੍ਰਿਫ਼ਤਾਰੀ ’ਤੇ ਹਰਿਆਣਾ ਸਰਕਾਰ ਨੂੰ ਨੋਟਿਸ

ਚੰਡੀਗੜ੍ਹ: ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨਾਂ ਵੱਲੋਂ ਦਿੱਲੀ ਕੂਚ ਕਰਨ ਸਮੇਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੇ ਮੁੱਦੇ ’ਤੇ ਹਰਿਆਣਾ ਸਰਕਾਰ ਘਿਰ ਗਈ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਕ ਕਿਸਾਨ ਜਥੇਬੰਦੀ ਦੀ ਅਰਜ਼ੀ ਅਤੇ ਮੀਡੀਆ ਰਿਪੋਰਟਾਂ ਦੇ ਆਧਾਰ ’ਤੇ ਹਰਿਆਣਾ ਦੇ ਮੁੱਖ ਸਕੱਤਰ ਤੇ ਡੀਜੀਪੀ ਨੂੰ ਤਾਜ਼ਾ ਸਥਿਤੀ ਬਾਰੇ ਰਿਪੋਰਟ ਦੇਣ ਲਈ ਕਿਹਾ ਹੈ। ਕੇਸ ਦੀ ਗੰਭੀਰਤਾ ਦੇ ਮੱਦੇਨਜ਼ਰ ਭਲਕੇ ਮਾਮਲੇ ’ਤੇ ਮੁੜ ਸੁਣਵਾਈ ਹੋਵੇਗੀ। ਖੇਤੀ ਕਾਨੂੰਨਾਂ ਦੇ ਵਿਰੋਧ ’ਚ ਪੰਜਾਬ ਦੇ ਕਿਸਾਨ ਮੰਗਲਵਾਰ ਰਾਤ ਤੋਂ ਦਿੱਲੀ ਕੂਚ ਕਰ ਰਹੇ ਹਨ ਤੇ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਉਨ੍ਹਾਂ ਦੀ ਹਮਾਇਤ ਕਰ ਰਹੀਆਂ ਹਨ। ਹਰਿਆਣਾ ਪੁਲੀਸ ਨੇ ਮੰਗਲਵਾਰ ਰਾਤ ਹੀ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਬਾਅਦ ‘ਹਰਿਆਣਾ ਪ੍ਰੌਗਰੈਸਿਵ ਫਾਰਮਰਜ਼ ਯੂਨੀਅਨ’ ਤੇ ਇਕ ਹੋਰ ਜਥੇਬੰਦੀ ਨੇ ਅਦਾਲਤ ਵਿਚ ਅਰਜ਼ੀ ਪਾਈ ਸੀ।
-ਟਨਸ

ਕਿਸਾਨਾਂ ਨੂੰ ਨਾ ਡੱਕ ਸਕੀਆਂ ਜਲ ਤੋਪਾਂ

ਅੰਬਾਲਾ (ਰਤਨ ਸਿੰਘ ਢਿੱਲੋਂ): ਦਿੱਲੀ ਵੱਲ ਕੂਚ ਕਰਨ ਲਈ ਭਾਰਤੀ ਕਿਸਾਨ ਯੂਨੀਅਨ (ਹਰਿਆਣਾ) ਨੇ ਅੱਜ ਸ਼ੰਭੂ ਬਾਰਡਰ ਦੀ ਥਾਂ ਛਾਉਣੀ ਦੀ ਮੌਹੜਾ ਸਥਿਤ ਅਨਾਜ ਮੰਡੀ ਦੇ ਬਾਹਰ ਜੀਟੀ ਰੋਡ ’ਤੇ ਸਵੇਰੇ 11 ਵਜੇ ਇਕੱਠ ਕੀਤਾ। ਪਹਿਲਾਂ ਕਿਸਾਨਾਂ ਨੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਵਿਚ ਦਿੱਲੀ ਵੱਲ ਪੈਦਲ ਮਾਰਚ ਕਰਨਾ ਸ਼ੁਰੂ ਕੀਤਾ। ਪੁਲੀਸ ਵੱਲੋਂ ਰੋਕਣ ’ਤੇ ਉਹ ਬੈਰੀਕੇਡ ਤੋੜ ਕੇ ਸੜਕ ’ਤੇ ਬੈਠ ਗਏ ਅਤੇ ਟਰਾਲੀਆਂ, ਕਾਰਾਂ ਤੇ ਮੋਟਰ ਸਾਈਕਲਾਂ ਦਾ ਕਾਫਲਾ ਸ਼ਾਹਬਾਦ ਵੱਲ ਵਧਣਾ ਸ਼ੁਰੂ ਹੋ ਗਿਆ। ਕਾਫਲੇ ਨੂੰ ਰੋਕਣ ਲਈ ਪੁਲੀਸ ਨੇ ਜਲ ਤੋਪਾਂ ਦੀ ਵਰਤੋਂ ਕੀਤੀ ਪਰ ਕਿਸਾਨ ਪਰਵਾਹ ਨਾ ਕਰਦੇ ਅੱਗੇ ਵਧਦੇ ਰਹੇ। ਪ੍ਰਸ਼ਾਸਨ ਵੱਲੋਂ ਕੀਤੇ ਇੰਤਜ਼ਾਮ ਕਿਸਾਨਾਂ ਨੂੰ ਰੋਕਣ ਵਿਚ ਸਫ਼ਲ ਨਹੀਂ ਹੋ ਸਕੇ। ਇਸ ਮਗਰੋਂ ਕਿਸਾਨਾਂ ਨੂੰ ਅੰਬਾਲਾ-ਕੁਰੂਕਸ਼ੇਤਰ ਮੁੱਖ ਮਾਰਗ ’ਤੇ ਸਥਿਤ ਪਿੰਡ ਤਿਓਰਾ-ਤਿਓਰੀ ਨੇੜੇ ਵੀ ਪੁਲੀਸ ਨੇ ਜਲ-ਤੋਪਾਂ ਦੀ ਮਦਦ ਨਾਲ ਰੋਕਣ ਦੀ ਕੋਸਿ਼ਸ਼ ਕੀਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਲੋਕ ਸ਼ਕਤੀ ਨਾਲ ਜਿੱਤੇਗਾ ਕਿਸਾਨ ਅੰਦੋਲਨ

ਲੋਕ ਸ਼ਕਤੀ ਨਾਲ ਜਿੱਤੇਗਾ ਕਿਸਾਨ ਅੰਦੋਲਨ

ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਗੁਰੂ ਗੋਬਿੰਦ ਸਿੰਘ

ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਗੁਰੂ ਗੋਬਿੰਦ ਸਿੰਘ

ਭਾਈ ਨੰਦ ਲਾਲ ਦੀ ਦ੍ਰਿਸ਼ਟੀ ’ਚ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ

ਭਾਈ ਨੰਦ ਲਾਲ ਦੀ ਦ੍ਰਿਸ਼ਟੀ ’ਚ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ

ਹਿਮਾਲੀਆ ਦਾ ਇਨਸਾਨੀ ਸੰਸਾਰ ਤੇ ਕਿਰਦਾਰ...

ਹਿਮਾਲੀਆ ਦਾ ਇਨਸਾਨੀ ਸੰਸਾਰ ਤੇ ਕਿਰਦਾਰ...

ਸ਼ਹਿਰ

View All