ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 1 ਦਸੰਬਰ
ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਵਿੱਚੋਂ 328 ਪਾਵਨ ਸਰੂਪ ਲਾਪਤਾ ਹੋਣ ਅਤੇ ਹੋਰ ਕਈ ਊਣਤਾਈਆਂ ਕਾਰਨ ਇਹ ਵਿਭਾਗ ਚਰਚਾ ਵਿੱਚ ਹੈ। ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਇਸ ਵਿਭਾਗ ਨੂੰ ਚੁਸਤ-ਦਰੁਸਤ ਬਣਾਉਣਾ ਉਨ੍ਹਾਂ ਦੀ ਤਰਜੀਹ ਹੋਵੇਗੀ। ਇਸ ਸਬੰਧੀ ਉਨ੍ਹਾਂ ਵੱਲੋਂ ਅਧਿਕਾਰੀਆਂ ਦੀ ਮੀਟਿੰਗ 4 ਦਸੰਬਰ ਨੂੰ ਸੱਦੀ ਗਈ ਹੈ, ਜਿਸ ਵਿੱਚ ਇਸ ਵਿਭਾਗ ਦੀ ਕਾਰਗੁਜ਼ਾਰੀ ਅਤੇ ਇਸ ਵਿੱਚ ਸੁਧਾਰ ਲਿਆਉਣ ਲਈ ਵਿਚਾਰ ਚਰਚਾ ਕੀਤੀ ਜਾਵੇਗੀ। ਪਬਲੀਕੇਸ਼ਨ ਵਿਭਾਗ ਇਸ ਵੇਲੇ ਗੁਰਦੁਆਰਾ ਰਾਮਸਰ ਦੇ ਕੈਂਪਸ ਵਿੱਚ ਚੱਲ ਰਿਹਾ ਹੈ, ਜਿੱਥੇ ਗੁਰੂ ਗ੍ਰੰਥ ਸਾਹਿਬ ਭਵਨ ਵੀ ਬਣਿਆ ਹੋਇਆ ਹੈ। ਲਗਪਗ ਪੰਜ ਸਾਲ ਪਹਿਲਾਂ ਭਵਨ ਵਿੱਚ ਅੱਗ ਲੱਗਣ ਨਾਲ ਸਰੂਪ ਨੁਕਸਾਨੇ ਗਏ ਸਨ। ਮਗਰੋਂ ਇਸ ਭਵਨ ਦਾ ਨਵੀਨੀਕਰਨ ਕਰਨ ਅਤੇ ਇਸ ਨੂੰ ਆਧੁਨਿਕ ਬਣਾਉਣ ਲਈ ਯੋਜਨਾ ਉਲੀਕੀ ਗਈ ਸੀ, ਜੋ ਹੁਣ ਤਕ ਠੰਢੇ ਬਸਤੇ ਵਿੱਚ ਪਈ ਹੋਈ ਹੈ। ਬੀਬੀ ਜਗੀਰ ਕੌਰ ਨੇ ਆਖਿਆ ਕਿ 328 ਲਾਪਤਾ ਪਾਵਨ ਸਰੂਪਾਂ ਦਾ ਮਾਮਲਾ ਬੇਅਦਬੀ ਦਾ ਨਹੀਂ, ਸਗੋਂ ਸੰਸਥਾ ’ਚ ਪ੍ਰਸ਼ਾਸਨਿਕ ਪੱਧਰ ’ਤੇ ਵਰਤੀ ਲਾਪ੍ਰਵਾਹੀ ਨਾਲ ਸਬੰਧਤ ਮਾਮਲਾ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਅਹਿਮ ਵਿਭਾਗ ਦਾ ਦਰਜਾ ਦੇਣਾ, ਇਸ ਵਿੱਚ ਸੁਧਾਰ ਲਿਆਉਣਾ ਉਨ੍ਹਾਂ ਦੀ ਤਰਜੀਹ ਹੈ। ਇਸ ਦੀ ਨਿਗਰਾਨੀ ਉਹ ਖ਼ੁਦ ਕਰਨਗੇ। ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਸਬੰਧੀ ਉਨ੍ਹਾਂ ਆਖਿਆ ਵਿਭਾਗ ਦੇ ਰਿਕਾਰਡ ਦੀ ਨਿਰੰਤਰ ਜਾਂਚ ਨਾ ਹੋਣ ਕਾਰਨ ਕੰਮ ਕਰਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸਰੂਪਾਂ ਦੀ ਭੇਟਾ ਆਪਣੀ ਜੇਬ ਵਿੱਚ ਪਾਈ ਹੈ।