ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ (ਮੁਹਾਲੀ), 10 ਅਕਤੂਬਰ
ਪੁਆਧੀ ਪੰਜਾਬੀ ਸੱਥ ਮੁਹਾਲੀ ਨੇ ਹਰ ਵਰ੍ਹੇ ਦਿੱਤੇ ਜਾਂਦੇ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਹੈ। ਪ੍ਰਿੰਸੀਪਲ ਗੁਰਮੀਤ ਸਿੰਘ ਖਰੜ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਏ ਫ਼ੈਸਲੇ ਅਨੁਸਾਰ ਪੁਆਧ ਖੇਤਰ ਦੀਆਂ ਸੱਤ ਸ਼ਖ਼ਸੀਅਤਾਂ ਅਤੇ ਦੋ ਪੁਸਤਕਾਂ ਦੀ ਪੁਰਸਕਾਰ ਲਈ ਚੋਣ ਕੀਤੀ ਗਈ ਹੈ। ਸੱਥ ਦੇ ਮੁਖੀ ਮਨਮੋਹਨ ਸਿੰਘ ਦਾਊਂ ਨੇ ਦੱਸਿਆ ਕਿ ਇਸ ਵਰ੍ਹੇ ਮਾਸਟਰ ਸਰੂਪ ਸਿੰਘ ਨੰਬਰਦਾਰ ਪੁਰਸਕਾਰ ਪੰਜਾਬ ਪੁਲੀਸ ਦੀ ਇੰਸਪੈਕਟਰ ਹਰਪ੍ਰੀਤ ਕੌਰ ਛੱਤ ਨੂੰ, ਗਿਆਨੀ ਰਤਨ ਸਿੰਘ ਸਹੌੜਾਂਵਾਲਾ ਪੁਰਸਕਾਰ ਭਾਈ ਬਲਦੇਵ ਸਿੰਘ ਪੋਪਨਿਆਂ ਨੂੰ, ਮਾਸਟਰ ਰਘਬੀਰ ਸਿੰਘ ਬੈਦਵਾਣ ਪੁਰਸਕਾਰ ਸਤਨਾਮ ਸਿੰਘ ਜੜ੍ਹਖੇਲਾਂ ਖੇੜੀ ਨੂੰ, ਜਥੇਦਾਰ ਅੰਗਰੇਜ਼ ਸਿੰਘ ਬਡਹੇੜੀ ਪੁਰਸਕਾਰ ਨਿਰਮਲ ਸਿੰਘ ਤੰਗੌਰੀ ਨੂੰ, ਮਾਸਟਰ ਗੁਰਚਰਨ ਸਿੰਘ ਸਕਰੁੱਲਾਪੁਰ ਪੁਰਸਕਾਰ ਲੇਖਕ ਸਮਸ਼ੇਰ ਸਿੰਘ ਡੂਮੇਵਾਲ ਨੂੰ, ਢਾਡੀ ਪ੍ਰੀਤਮ ਸਿੰਘ ਕਲੌੜ ਪੁਰਸਕਾਰ ਢਾਡੀ ਗੁਰਨਾਮ ਸਿੰਘ ਮੋਹੀ ਨੂੰ ਅਤੇ ਭਗਤ ਆਸਾ ਰਾਮ ਸੋਹਾਣਾ ਪੁਰਸਕਾਰ ਗਾਇਕ ਨਰਿੰਦਰ ਸਿੰਘ ਬੈਦਵਾਣ ਨੂੰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਨਮਾਨ ਵਿੱਚ ਨਗਦ ਰਕਮ, ਸਨਮਾਨ ਚਿੰਨ੍ਹ, ਲੋਈ ਤੇ ਪੁਸਤਕਾਂ ਭੇਟ ਕੀਤੀਆਂ ਜਾਣਗੀਆਂ। ‘ਮੁਗਲ ਸ਼ਹਿਰ ਸਰਹਿੰਦ ਦੀਆਂ ਯਾਦਗਾਰਾਂ’ (ਲੇਖਕ ਗੁਰਬਚਨ ਸਿੰਘ ਵਿਰਦੀ) ਅਤੇ ‘ਅੱਖੀਂ ਡਿੱਠੇ ਰੰਗਲੇ ਪੰਛੀ’ (ਲੇਖਕ ਸਤਵਿੰਦਰ ਸਿੰਘ ਮੜੌਲਵੀ) ਨੂੰ ਪੁਸਤਕ ਪੁਰਸਕਾਰਾਂ ਲਈ ਚੁਣਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੱਥ ਹੁਣ ਤੱਕ 100 ਦੇ ਕਰੀਬ ਸ਼ਖ਼ਸੀਅਤਾਂ ਦਾ ਸਨਮਾਨ ਕਰ ਚੁੱਕੀ ਹੈ। ਪੰਜਾਬੀ ਸੱਥ ਦੇ 19ਵੇਂ ਸਾਲਾਨਾ ਸਨਮਾਨ ਸਮਾਗਮ ਮੌਕੇ 27 ਨਵੰਬਰ ਨੂੰ ਸ਼ਿਵਾਲਿਕ ਸਕੂਲ ਮੁਹਾਲੀ ਵਿਚ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ।