ਸਰਬਜੀਤ ਸਿੰਘ ਭੰਗੂ
ਪਟਿਆਲਾ, 12 ਦਸੰਬਰ
ਪੀਆਰਟੀਸੀ ਦੇ ਕੱਚੇ ਡਰਾਈਵਰਾਂ, ਕੰਡਕਟਰਾਂ ਅਤੇ ਹੋਰ ਕਲੈਰੀਕਲ ਤੇ ਟੈਕਨੀਕਲ ਮੁਲਾਜ਼ਮਾਂ ਦੀ ਸੂਬਾਈ ਹੜਤਾਲ ਅੱਜ 6ਵੇਂ ਦਿਨ ਵੀ ਜਾਰੀ ਰਹੀ। ਪੀਆਰਟੀਸੀ ਨੂੰ ਹੁਣ ਤੱਕ 7 ਕਰੋੜ ਰੁਪਏ ਦਾ ਰਗੜਾ ਲੱਗ ਚੁੱਕਾ ਹੈ।
‘ਪੀਆਰਟੀਸੀ, ਪਨਬੱਸ ਅਤੇ ਪੰਜਾਬ ਰੋਡਵੇਜ਼ ਕੰਟਰੈਕਟ ਯੂਨੀਅਨ ਦੇ ਸੂਬਾਈ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਅਗਵਾਈ ਹੇਠਲੀ ਇਸ ਹੜਤਾਲ ’ਚ ਪੀਆਰਟੀਸੀ ਅਤੇ ਪਨਬਸ ਦੇ ਕੱਚੇ ਕਾਮੇ ਹਿੱੱਸਾ ਲੈ ਰਹੇ ਹਨ। ਉਹ ਕੰਪਨੀਆਂ ਦੀ ਥਾਂ ਟਰਾਂਸਪੋਰਟ ਵਿਭਾਗ ਦੇ ਅਧੀਨ ਲਿਆ ਕੇ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਕਰ ਰਹੇ ਹਨ। ਯੂਨੀਅਨ ਦੇ ਬੁਲਾਰੇ ਹਰਕੇਸ਼ ਵਿੱੱਕੀ ਦਾ ਕਹਿਣਾ ਹੈ ਕਿ ਇਸ ਹੜਤਾਲ ’ਚ ਲਗਪਗ 8 ਹਜ਼ਾਰ ਕੱਚੇ ਕਾਮੇ ਹਿੱਸਾ ਲੈ ਰਹੇ ਹਨ। ਹਾਲ ਦੀ ਘੜੀ 1100 ਵਿੱਚੋਂ ਸਿਰਫ਼ 200 ਬੱਸਾਂ ਹੀ ਚੱਲ ਰਹੀਆਂ ਹਨ। ਪੀਆਰਟੀਸੀ ਦੀ ਰੋਜ਼ਾਨਾ ਦੀ ਆਮਦਨੀ ਵੀ ਹੁਣ 1.85 ਕਰੋੜ ਰੁਪਏ ਤੋਂ ਘਟ ਕੇ 60 ਲੱਖ ’ਤੇ ਆ ਗਈ ਹੈ। ਸਰਕਾਰ ਨੇ ਯੂਨੀਅਨ ਆਗੂਆਂ ਨੂੰ 14 ਦਸੰਬਰ ਲਈ ਮੁੱੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੀਟਿੰਗ ਦਾ ਸੱਦਾ ਦੇ ਦਿੱਤਾ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਮੰਗਾਂ ਦੀ ਪੂਰਤੀ ਤੱਕ ਹੜਤਾਲ ਜਾਰੀ ਰਹੇਗੀ। ਪੀਆਰਟੀਸੀ ਦੇ ਚੇਅਰਮੈਨ ਸਤਵਿੰਦਰ ਸਿੰਘ ਚੈੜੀਆਂ ਦਾ ਕਹਿਣਾ ਹੈ ਕਿ ਇਸ ਹੜਤਾਲ ਨਾਲ ਆਦਰੇ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਉਂਜ ਉਨ੍ਹਾਂ ਪੰਜ ਸਾਲ ਪੂਰੇ ਕਰ ਚੁੱਕੇ ਕੱਚੇ ਕਾਮਿਆਂ ਨੂੰ ਪੱਕਾ ਕਰਨ ’ਤੇ ਸਰਕਾਰ ਵੱਲੋਂ ਗੰਭੀਰਤਾ ਨਾਲ ਵਿਚਾਰ ਕੀਤੇ ਜਾਣ ਦੀ ਗੱਲ ਵੀ ਆਖੀ ਹੈ।
ਬੱਸ ਕਾਮਿਆਂ ਦੀ ਹੜਤਾਲ ਕਰਕੇ ਪੂਰਾ ਦਿਨ ਖੱਜਲ ਖੁਆਰ ਹੁੰਦੇ ਰਹੇ ਲੋਕ
ਚੰਡੀਗੜ੍ਹ (ਪੱਤਰ ਪ੍ਰੇਰਕ): ਪਨਬੱਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਕੱਚੇ ਕਾਮਿਆਂ ਵੱਲੋਂ ਕੀਤੀ ਗਈ ਹੜਤਾਲ ਦੇ ਕਾਰਨ ਅੱਜ ਚੰਡੀਗੜ੍ਹ ਸਮੇਤ ਪੂਰੇ ਪੰਜਾਬ ਭਰ ਵਿੱਚ ਲੋਕੀਂ ਬੱਸਾਂ ਨਾ ਮਿਲਣ ਕਰਕੇ ਪ੍ਰੇਸ਼ਾਨ ਹੁੰਦੇ ਰਹੇ। ਅੱਜ ਐਤਵਾਰ ਨੂੰ ਅਧੀਨ ਸੇਵਾਵਾਂ ਚੋਣ ਬੋਰਡ ਦੀ ਪ੍ਰੀਖਿਆ ਕਰਕੇ ਨੌਜਵਾਨਾਂ ਨੂੰ ਬਹੁਤ ਜ਼ਿਆਦਾ ਖੱਜਲ ਖੁਆਰੀ ਹੋਈ। ਪ੍ਰੀਖਿਆ ਦੇਣ ਵਾਲੇ ਨੌਜਵਾਨ ਲੜਕੇ ਲੜਕੀਆਂ ਨੂੰ ਪਹਿਲਾਂ ਤਾਂ ਸਵੇਰ ਸਮੇਂ ਆਪਣੇ ਪ੍ਰੀਖਿਆ ਕੇਂਦਰਾਂ ਤੱਕ ਪਹੁੰਚਣ ਲਈ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਫਿਰ ਦੁਪਹਿਰ ਸਮੇਂ ਘਰਾਂ ਨੂੰ ਵਾਪਸੀ ਲਈ ਪ੍ਰੇਸ਼ਾਨ ਹੋਣਾ ਪਿਆ। ਬੱਸਾਂ ਨਾ ਮਿਲਣ ਕਰਕੇ ਲੋਕਾਂ ਵਿੱਚ ਇਸ ਕਦਰ ਘਬਰਾਹਟ ਦਾ ਮਾਹੌਲ ਬਣਿਆ ਰਿਹਾ ਕਿ ਘਰ ਪਹੁੰਚਣ ਲਈ ਲੜਕੀਆਂ ਨੂੰ ਵੀ ਬੱਸਾਂ ਦੀਆਂ ਛੱਤਾਂ ਉਤੇ ਚੜ੍ਹਨਾ ਪਿਆ। ਕੰਟਰੈਕਟ ਵਰਕਰਜ਼ ਯੂਨੀਅਨ ਦੇ ਸਰਪ੍ਰਸਤ ਕਮਲ ਕੁਮਾਰ, ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਵਿਭਾਗ ਦੇ ਕੱਚੇ ਕਾਮਿਆਂ ਦੀਆਂ ਮੰਗਾਂ ਨਹੀਂ ਮੰਨਦੀ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।