ਗੁਰਦੀਪ ਸਿੰਘ ਲਾਲੀ
ਸੰਗਰੂਰ, 21 ਸਤੰਬਰ
ਪੰਜਾਬ ਭਰ ਤੋਂ ਪੁੱਜੇ ਹਜ਼ਾਰਾਂ ਸਾਬਕਾ ਸੈਨਿਕਾਂ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਪ੍ਰਗਟ ਕਰਦਿਆਂ ਗਾਰਡੀਅਨ ਆਫ ਗਵਰਨੈਂਸ (ਜੀਓਜੀ) ਸਕੀਮ ਬੰਦ ਕਰਨ ਦੇ ਫ਼ੈਸਲੇ ਖ਼ਿਲਾਫ਼ ਮੁੱਖ ਮੰਤਰੀ ਦੀ ਕੋਠੀ ਅੱਗੇ ਮੁੱਖ ਸੜਕ ’ਤੇ ਆਵਾਜਾਈ ਬੰਦ ਕਰ ਕੇ ਰੋਸ ਰੈਲੀ ਕੀਤੀ। ਉਨ੍ਹਾਂ ਸੂਬਾ ਸਰਕਾਰ ’ਤੇ ਸਾਬਕਾ ਸੈਨਿਕਾਂ ਦੇ ਅਪਮਾਨ ਦਾ ਦੋਸ਼ ਲਾਉਂਦਿਆਂ ਨਾਅਰੇਬਾਜ਼ੀ ਕੀਤੀ। ਖੁਸ਼ਹਾਲੀ ਦੇ ਰਾਖੇ ਵਜੋਂ ਕੰਮ ਕਰਨ ਵਾਲੇ ਸਾਬਕਾ ਸੈਨਿਕਾਂ ਨੇ ਜੀਓਜੀ ਸਕੀਮ ਮੁੜ ਬਹਾਲ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਸਕੀਮ ਬੰਦ ਕਰਨ ਲਈ ਵਰਤੀ ਅਪਮਾਨਜਨਕ ਸ਼ਬਦਾਵਲੀ ਲਈ ਸਰਕਾਰ ਸਾਬਕਾ ਸੈਨਿਕਾਂ ਤੋਂ ਮੁਆਫ਼ੀ ਮੰਗੇ।
ਅੱਜ ਸੂਬੇ ਭਰ ’ਚੋਂ ਚਿੱਟੇ ਕੁੜਤੇ ਪਾ ਕੇ ਅਤੇ ਉਨਾਭੀ ਰੰਗ ਦੀਆਂ ਪੱਗਾਂ ਬੰਨ੍ਹ ਕੇ ਵੱਡੀ ਗਿਣਤੀ ਸਾਬਕਾ ਸੈਨਿਕ ਮੁੱਖ ਮੰਤਰੀ ਦੀ ਕੋਠੀ ਅੱਗੇ ਪੁੱਜੇ। ਪੁਲੀਸ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ੀ ਕਲੋਨੀ ਵਾਲੇ ਪਾਸੇ ਸੜਕ ਉੱਪਰ ਬੈਰੀਕੇਡ ਲਗਾਏ ਗਏ ਸਨ ਪਰ ਸਾਬਕਾ ਸੈਨਿਕਾਂ ਵੱਲੋਂ ਦੂਜੇ ਪਾਸੇ ਸਾਹਮਣੇ ਵਾਲੀ ਸੜਕ ਉੱਪਰ ਧਰਨਾ ਦੇ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਜੀਓਜੀ ਦੇ ਸੂਬਾ ਪ੍ਰਧਾਨ ਕੈਪਟਨ ਗੁਲਾਬ ਸਿੰਘ, ਕੈਪਟਨ ਕਮਲ ਕੁਮਾਰ ਵਰਮਾ, ਕੈਪਟਨ ਸਿਕੰਦਰ ਸਿੰਘ, ਸੂਬੇਦਾਰ ਮੇਜਰ ਯਾਦਵਿੰਦਰ ਸਿੰਘ, ਸੂਬੇਦਾਰ ਮੇਜਰ ਲਾਲ ਸਿੰਘ, ਕੈਪਟਨ ਧਰਮ ਸਿੰਘ, ਦਰਸ਼ਨ ਸਿੰਘ ਅਤੇ ਜਗਰੂਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੀਓਜੀ ਸਕੀਮ ਨੂੰ ਬੰਦ ਕਰਨ ਦਾ ਫ਼ੈਸਲਾ ਨਿੰਦਣਯੋਗ ਹੈ।
ਬੁਲਾਰਿਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਇਹ ਸਕੀਮ ਬਹਾਲ ਨਾ ਕੀਤੀ ਗਈ ਤਾਂ ਸਮਾਜ ਵਿਚ ਭ੍ਰਿਸ਼ਟਾਚਾਰ ਦੁਬਾਰਾ ਫੈਲ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਨਿਸ਼ਚਿਤ ਕਰਵਾਈ ਜਾਵੇ। ਰੋਸ ਰੈਲੀ ਦੌਰਾਨ ਵਫ਼ਦ ਵਲੋਂ ਮੁੱਖ ਮੰਤਰੀ ਪੰਜਾਬ ਦੇ ਨਾਂ ਐੱਸਡੀਐੱਮ ਨੂੰ ਮੰਗ ਪੱਤਰ ਸੌਂਪਿਆ ਗਿਆ।