ਗਗਨਦੀਪ ਅਰੋੜਾ
ਲੁਧਿਆਣਾ, 16 ਮਾਰਚ
ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਨੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਸੂਬੇ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਹੁੰ ਚੁੱਕ ਸਮਾਗਮ ਦੌਰਾਨ ਸ਼ਹੀਦ ਸੁਖਦੇਵ ਥਾਪਰ ਦਾ ਨਾਂ ਨਾ ਲੈਣ ’ਤੇ ਰੋਸ ਪ੍ਰਗਟਾਇਆ ਹੈ।
ਟਰੱਸਟ ਦੇ ਪ੍ਰਧਾਨ ਅਸ਼ੋਕ ਥਾਪਰ ਨੇ ਨਵੇਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸੁਫ਼ਨਿਆਂ ਨੂੰ ਸਾਕਾਰ ਕਰਦਿਆਂ ਕਿਤੇ ਉਨ੍ਹਾਂ ਦੇ ਸਾਥੀ ਸ਼ਹੀਦ ਸੁਖਦੇਵ ਥਾਪਰ ਸਮੇਤ ਪੰਜਾਬ ਦੀ ਧਰਤੀ ’ਤੇ ਜਨਮ ਲੈਣ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਸ਼ਹੀਦ ਊਧਮ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਨਾ ਭੁੱਲ ਜਾਇਓ। ਅਸ਼ੋਕ ਥਾਪਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਹੁੰ ਚੁੱਕਣ ਉਪਰੰਤ ਸ਼ਹੀਦ ਭਗਤ ਸਿੰਘ ਦੇ ਸੁਫ਼ਨਿਆਂ ਦੇ ਪੰਜਾਬ ਨੂੰ ਸਿਰਜਣ ਦੀ ਗੱਲ ਕਰਦਿਆਂ ਸ਼ਹੀਦ ਭਗਤ ਸਿੰਘ ਦੇ ਸਾਥੀ ਰਹੇ ਸ਼ਹੀਦ ਸੁਖਦੇਵ ਥਾਪਰ ਸਣੇ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਸ਼ਹੀਦ ਊਧਮ ਸਿੰਘ ਨੂੰ ਯਾਦ ਨਾ ਕਰਨ ’ਤੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ।
ਅਸ਼ੋਕ ਥਾਪਰ ਨੇ ਕਿਹਾ ਕਿ ਨਵੇਂ ਬਣੇ ਮੁੱਖ ਮੰਤਰੀ ਵੱਲੋਂ ਆਜ਼ਾਦੀ ਘੁਲਾਟੀਆ ਵਿੱਚੋਂ ਇੱਕ ਹੀ ਸਮੇਂ ਸ਼ਹੀਦ ਹੋਏ ਸ਼ਹੀਦ ਸੁਖਦੇਵ ਥਾਪਰ ਦਾ ਨਾਮ ਤੱਕ ਨਾ ਲੈਣਾ ਅਤੇ ਦੂਸਰੇ ਪਾਸੇ ਇਕੱਲੇ ਸ਼ਹੀਦ ਭਗਤ ਸਿੰਘ ਦਾ ਗੁਣਗਾਨ ਕਰ ਕੇ ਸ਼ਹੀਦਾਂ ਨੂੰ ਧਰਮਾਂ ਵਿੱਚ ਵੰਡ ਕੇ ਭੇਦ-ਭਾਵ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਗਾਏ ਕਿ ਇਸ ਸਹੁੰ ਚੁੱਕ ਸਮਾਗਮ ਤੋਂ ਸਾਫ਼ ਦੇਖਣ ਨੂੰ ਮਿਲਿਆ ਹੈ ਕਿ ‘ਆਪ’ ਸਿਰਫ਼ ਇੱਕ ਵਰਗ ਨੂੰ ਖੁਸ਼ ਕਰਨ ਲੱਗੀ ਹੋਈ ਹੈ ਅਤੇ ਇਹੀ ਸਭ ਕੁੱਝ ਪਹਿਲਾਂ ਵੀ ਰਵਾਇਤੀ ਪਾਰਟੀਆਂ ਨੇ ਸੱਤਾ ਹਾਸਲ ਕਰਨ ਵੇਲੇ ਕੀਤਾ ਸੀ।
ਅਸ਼ੋਕ ਥਾਪਰ ਨੇ ਕਿਹਾ ਕਿ ਪੰਜਾਬ ਦੀ ਧਰਤੀ ’ਤੇ ਜਨਮ ਲੈਣ ਵਾਲੇ ਸ਼ਹੀਦ ਸੁਖਦੇਵ ਥਾਪਰ ਦਾ ਮੁੱਖ ਮੰਤਰੀ ਵੱਲੋਂ ਸਟੇਜ ਤੋਂ ਨਾਂ ਤੱਕ ਨਾ ਲੈਣਾ ਇਸ ਗੱਲ ਦੀ ਗਵਾਹੀ ਹੈ ਕਿ ਸ਼ਹੀਦ ਥਾਪਰ ਨਾਲ ਸਰਕਾਰ ਹੀ ਭੇਦ-ਭਾਵ ਕਰ ਰਹੀ ਹੈ।