ਪੱਤਰ ਪ੍ਰੇਰਕ
ਫਗਵਾੜਾ, 16 ਸਤੰਬਰ
ਸਰਕਾਰ ਨੇ ਇੱਥੋਂ ਦੀ ਖੰਡ ਮਿੱਲ ਵੱਲੋਂ ਗੰਨਾਂ ਕਾਸ਼ਤਕਾਰਾਂ ਦੀ ਕਰੀਬ 72 ਕਰੋੜ ਰੁਪਏ ਦੀ ਅਦਾਇਗੀ ਨਾ ਕੀਤੇ ਜਾਣ ਖ਼ਿਲਾਫ਼ ਕਾਰਵਾਈ ਕਰਦਿਆਂ ਮਿੱਲ ਦੀਆਂ ਜਾਇਦਾਦਾਂ, ਮਸ਼ੀਨਰੀ, ਬਿਜਲੀ ਉਤਪਾਦਨ, ਪਲਾਟ, ਇਮਾਰਤਾਂ, ਯਾਰਡ, ਰਿਹਾਇਸ਼ੀ ਖੇਤਰ ਤੇ ਭੌਤਿਕ ਵਸਤੂਆਂ ਅਟੈਚ ਕਰ ਦਿੱਤੀਆਂ ਹਨ। ਕਪੂਰਥਲਾ ਦੇ ਡੀਸੀ ਵਿਸ਼ੇਸ਼ ਸਰੰਗਲ ਨੇ ਦੱਸਿਆ ਕਿ ਅਟੈਚਮੈਂਟ ਮਿੱਲ ਦੀ ਜ਼ਮੀਨ ’ਤੇ ਲਾਗੂ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਇਹ ਜ਼ਮੀਨ ਮਹਾਰਾਜਾ ਜਗਜੀਤ ਸਿੰਘ ਕਪੂਰਥਲਾ ਦੀ ਸੀ, ਜਿਸ ਦੀ ਮਾਲਕੀ ਹੁਣ ਪੰਜਾਬ ਸਰਕਾਰ ਕੋਲ ਹੈ। ਉਨ੍ਹਾਂ ਕਿਹਾ ਕਿ ਨਾਇਬ ਤਹਿਸੀਲਦਾਰ ਫਗਵਾੜਾ ਨੂੰ ਅਗਲੇਰੀ ਕਾਰਵਾਈ ਨੇਪਰੇ ਚਾੜ੍ਹਨ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਭੂਨਾ ਮਿੱਲ ਦੀ ਰਜਿਸਟਰੀ ਨਾਲ ਪ੍ਰਾਪਤ ਹੋਏ 23 ਕਰੋੜ 56 ਲੱਖ ਰੁਪਏ ਲਈ ਸਬ ਕਮੇਟੀ ਬਣੀ ਹੈ ਤੇ ਕੇਨ ਕਮਿਸ਼ਨਰ ਪੰਜਾਬ ਵੱਲੋਂ ਕਿਸਾਨਾਂ ਦੇ ਖਾਤੇ ਵਿੱਚ ਪੈਸੇ ਪਾਉਣ ਦਾ ਕੰਮ ਸ਼ੁਰੂ ਹੋ ਰਿਹਾ ਹੈ।