ਪੱਤਰ ਪ੍ਰੇਰਕ
ਮੋਰਿੰਡਾ, 4 ਮਾਰਚ
ਦੋ ਸਾਲਾਂ ਦੌਰਾਨ ਹਰ ਚੀਜ਼ ਦੀ ਕੀਮਤ ਲਗਪਗ ਡੇਢ ਗੁਣਾ ਹੋ ਚੁੱਕੀ ਹੈ, ਪਰ ਦੁੱਧ ਦੀ ਕੀਮਤ ਦੋ ਸਾਲਾਂ ’ਚ ਵਧਣ ਦੀ ਥਾਂ ਘੱਟ ਗਈ ਹੈ। ਇੱਥੋਂ ਤੱਕ ਕਿ ਗਾਂ ਦੇ ਦੁੱਧ ਦੀ ਕੀਮਤ ਪਾਣੀ ਦੀ ਬੋਤਲ ਬਿਸਲੇਰੀ ਨਾਲੋਂ ਵੀ ਸਸਤੀ ਹੋ ਗਈ। ਇਸ ਸਬੰਧੀ ਦੁੱਧ ਉਤਪਾਦਕਾਂ ਨੇ ਦੱਸਿਆ ਕਿ 2019 ਵਿੱਚ ਵੇਰਕਾ ਪਲਾਟ ਮੁਹਾਲੀ ਵੱਲੋਂ ਮੱਝ ਦਾ ਦੁੱਧ ਫੈਟ ਮੁਤਾਬਕ 45 ਤੋਂ 50 ਰੁਪਏ ਤੇ ਗਾਂ ਦਾ ਦੁੱਧ 27 ਤੋਂ 29 ਰੁਪਏ ਤੱਕ ਖਰੀਦਿਆ ਜਾਂਦਾ ਸੀ। ਜਦਕਿ 2021 ਵਿੱਚ ਮੱਝ ਦਾ ਦੁੱਧ ਵੱਧ ਤੋਂ ਵੱਧ 47 ਰੁਪਏ ਤੇ ਗਾਂ ਦਾ 27 ਰੁਪਏ ਤੱਕ ਹੀ ਖਰੀਦਿਆ ਗਿਆ। ਦੁੱਧ ਉਤਪਾਦਕਾਂ ਨੇ ਦੱਸਿਆ ਕਿ ਘਿਓ ਤੇ ਪਨੀਰ ਦਾ ਭਾਅ ਵੇਰਕਾ ਨੇ ਬੇਸ਼ਕ ਵਧਾ ਦਿੱਤਾ, ਪਰ ਦੁੱਧ ਉਤਪਾਦਕਾਂ ਨੂੰ ਦੁੱਧ ਦੀ ਕੀਮਤ ਘਟਾ ਕੇ ਦਿੱਤੀ ਗਈ। ਇਸੇ ਸਬੰਧ ਵਿੱਚ ਸਾਬਕਾ ਚੇਅਰਮੈਨ ਮਿਲਕ ਪਲਾਟ ਮੁਹਾਲੀ ਪਰਮਿੰਦਰ ਸਿੰਘ ਚਲਾਕੀ ਨੇ ਕਿਹਾ ਕਿ ਮੱਝਾਂ ਗਾਵਾਂ ਦਾ ਚਾਰਾ ਜਿਵੇਂ ਫੀਡ, ਮੱਕੀ, ਹੋਰ ਖਾਧ ਖੁਰਾਕ ਤੇ ਦਵਾਈਆਂ ਦੋ ਸਾਲ ਵਿੱਚ ਡੇਢ ਗੁਣਾ ਹੋ ਗਈਆਂ। ਉਨ੍ਹਾਂ ਕਿਹਾ ਕਿ ਵੇਰਕਾ ਪਲਾਟ ਮੋਹਾਲੀ ਨੇ ਕਮਰਸ਼ੀਅਲ ਡੇਅਰੀ ਫਾਰਮਾਂ ਅਤੇ ਨਵੀਆਂ ਸਹਿਕਾਰੀ ਸਭਾਵਾਂ ਦਾ ਸਾਲ 2014-15, 2015-16, 2017-18 ਅਤੇ 2018-19 ਦਾ ਵੀ ਲਗਪਗ ਕਰੋੜਾਂ ਰੁਪਏ ਦਾ ਬੋਨਸ ਰੋਕ ਲਿਆ ਹੈ, ਜਿਸ ਨਾਲ ਮਿਲਕ ਪਲਾਟ ਮੁਹਾਲੀ ਅਧੀਨ ਪੈਂਦੇ ਡੇਅਰੀ ਫਾਰਮਾਂ ਤੇ ਨਵੀਆਂ ਸਹਿਕਾਰੀ ਸਭਾਵਾਂ ਵਿੱਚ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੈ। ਕਈ ਡੇਅਰੀ ਫਾਰਮ ਵਾਲੇ ਤਾਂ ਦੁੱਧ ਦਾ ਧੰਦਾ ਵੀ ਛੱਡਣ ਲਈ ਤਿਆਰ ਬੈਠੇ ਹਨ। ਇਸ ਸਬੰਧ ਵਿੱਚ ਜਦੋਂ ਜੀ.ਐੱਮ. ਮਿਲਕ ਪਲਾਟ ਮੁਹਾਲੀ ਰੁਪਿੰਦਰ ਸਿੰਘ ਸੇਖੋਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਦੁੱਧ ਉਤਪਾਦਕਾਂ ਦੀ ਸਮੱਸਿਆ ਨੂੰ ਦੇਖ ਕੇ ਜੋ ਵੀ ਹੱਲ ਹੋ ਸਕਦਾ ਹੋਇਆ, ਕਰਨਗੇ।