ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਅਕਤੂਬਰ
ਪੰਜਾਬ ’ਚ ਇਸ ਵਾਰ ਝੋਨੇ ਦੀ ਫਸਲ ’ਚ ਨਮੀ ਦੇ ਮਾਪਦੰਡਾਂ ਨੂੰ ਲੈ ਕੇ ਅੜਿੱਕੇ ਖੜ੍ਹੇ ਹੋ ਸਕਦੇ ਹਨ। ਕਿਸਾਨ ਤੇ ਆੜ੍ਹਤੀਏ ਇਸ ਗੱਲੋਂ ਫਿਕਰਮੰਦ ਹਨ ਕਿਉਂਕਿ ਮੰਡੀਆਂ ’ਚ ਆਈ ਫਸਲ ’ਚ ਨਮੀ ਦੀ ਮਾਤਰਾ ਨਿਸ਼ਚਿਤ ਮਾਪਦੰਡਾਂ ਤੋਂ ਜ਼ਿਆਦਾ ਆ ਰਹੀ ਹੈ। ਖਰੀਦ ਏਜੰਸੀਆਂ ਅਤੇ ਖਾਸ ਕਰਕੇ ਚੌਲ ਮਿੱਲ ਮਾਲਕਾਂ ਨੇ ਮਾਪਦੰਡਾਂ ਤੋਂ ਹੇਠਾਂ ਫਸਲ ਚੁੱਕਣ ਤੋਂ ਕਿਨਾਰਾ ਕਰ ਲਿਆ ਹੈ। ਅੱਜ ਭਾਰਤੀ ਖੁਰਾਕ ਨਿਗਮ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਅਸ਼ੋਕ ਮੀਨਾ ਨੇ ਪੰਜਾਬ ਵਿਚ ਝੋਨੇ ਦੇ ਖਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਹੈ। ਉਨ੍ਹਾਂ ਅੱਜ ਖੰਨਾ ਦੀ ਅਨਾਜ ਮੰਡੀ ਦਾ ਦੌਰਾ ਕੀਤਾ ਅਤੇ ਝੋਨੇ ਦੀ ਆਈ ਫਸਲ ਬਾਰੇ ਕਿਸਾਨਾਂ ਤੇ ਆੜ੍ਹਤੀਆਂ ਨਾਲ ਗੱਲਬਾਤ ਵੀ ਕੀਤੀ। ਖੰਨਾ ਮੰਡੀ ਦੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਨੇ ਐੱਫਸੀਆਈ ਦੇ ਚੇਅਰਮੈਨ ਨੂੰ ਮੰਗ ਕੀਤੀ ਕਿ ਝੋਨੇ ਲਈ ਨਮੀ ਦੀ ਮਾਤਰਾ ਵਧਾ ਕੇ 19 ਫੀਸਦੀ ਕੀਤੀ ਜਾਵੇ ਕਿਉਂਕਿ ਬੇਮੌਸਮੇ ਮੀਂਹ ਕਾਰਨ ਫਸਲ ਪ੍ਰਭਾਵਿਤ ਹੋਈ ਹੈ। ਚੇਅਰਮੈਨ ਨੇ ਕਿਹਾ ਕਿ ਇਸ ਦੀ ਤਕਨੀਕੀ ਸਮੀਖਿਆ ਕੀਤੀ ਜਾਵੇਗੀ। ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਪੰਜਾਬ ਵਿਚ ਮੀਂਹ ਅਤੇ ਠੰਢ ਕਰਕੇ ਪ੍ਰਭਾਵਿਤ ਫਸਲ ਨੂੰ ਦੇਖਦੇ ਹੋਏ ਨਮੀ ਦੇ ਮਾਪਦੰਡਾਂ ਵਿਚ ਨਰਮੀ ਲਿਆਏ। ਇਸੇ ਦੌਰਾਨ ਪਤਾ ਲੱਗਾ ਹੈ ਕਿ ਖਰੜ ਮੰਡੀ ਵਿੱਚ ਚੌਲ ਮਿੱਲ ਮਾਲਕਾਂ ਨੇ ਵੱਧ ਨਮੀ ਵਾਲਾ ਝੋਨਾ ਕੱਟ ਲਗਾ ਕੇ ਚੁੱਕਣ ਦੀ ਗੱਲ ਕੀਤੀ ਹੈ। ਬੀਕੇਯੂ (ਸਿੱਧੂਪੁਰ) ਦੇ ਸੀਨੀਅਰ ਆਗੂ ਕਾਕਾ ਸਿੰਘ ਕੋਟੜਾ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਫੌਰੀ ਇਹ ਮਾਮਲਾ ਕੇਂਦਰ ਸਰਕਾਰ ਕੋਲ ਉਠਾਏ।
ਚੇਅਰਮੈਨ ਵੱਲੋਂ ਖਰੀਦ ਦੀ ਸਮੀਖਿਆ
ਭਾਰਤੀ ਖੁਰਾਕ ਨਿਗਮ ਦੇ ਚੇੇਅਰਮੈਨ ਅਸ਼ੋਕ ਮੀਨਾ ਨੇ ਅੱਜ ਇੱਥੇ ਖਰੀਦ ਏਜੰਸੀਆਂ ਦੇ ਮੈਨੇਜਿੰਗ ਡਾਇਰੈਕਟਰਾਂ ਨਾਲ ਝੋਨੇ ਦੀ ਖਰੀਦ ਸਬੰਧੀ ਮੀਟਿੰਗ ਕੀਤੀ। ਪੰਜਾਬ ਸਰਕਾਰ ਨੇ ਮੀਟਿੰਗ ’ਚ ਖਰੀਦ ਪ੍ਰਬੰਧਾਂ ਅਤੇ ਅਦਾਇਗੀ ਬਾਰੇ ਜਾਣਕਾਰੀ ਦਿੱਤੀ। ਚੇਅਰਮੈਨ ਨੇ ਅਨਾਜ ਖਰੀਦ ਪੋਰਟਲ ’ਤੇ ਵੀ ਝਾਤ ਮਾਰੀ।