ਪਾਲ ਸਿੰਘ ਨੌਲੀ
ਜਲੰਧਰ, 13 ਜੂਨ
ਪੰਜਾਬ ਦੇ ਨਿੱਜੀ ਬੱਸ ਅਪਰੇਟਰਾਂ ਨੇ ਆਪਣੀਆਂ ਮੰਗਾਂ ਨਾ ਮੰਨੇ ਜਾਣ ’ਤੇ 15 ਜੂਨ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਲੰਧਰ ਫੇਰੀ ਦੌਰਾਨ ਪ੍ਰਾਈਵੇਟ ਬੱਸਾਂ ’ਤੇ ਕਾਲੇ ਝੰਡੇ ਲਾ ਕੇ ਆਪਣਾ ਵਿਰੋਧ ਦਰਜ ਕਰਵਾਉਣ ਦਾ ਐਲਾਨ ਕੀਤਾ ਹੈ। ਇਹ ਫੈਸਲਾ ‘ਦਿ ਪੰਜਾਬ ਮੋਟਰ ਯੂਨੀਅਨ’ ਦੀ 10 ਮੈਂਬਰੀ ਐਕਸ਼ਨ ਕਮੇਟੀ ਵੱਲੋਂ ਲਿਆ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਅਨ ਦੇ ਸਕੱਤਰ ਆਰ ਐੱਸ ਬਾਜਵਾ, ਸੰਦੀਪ ਸ਼ਰਮਾ, ਨਰਪਿੰਦਰ ਸਿੰਘ ਜਲਾਲ, ਜਰਨੈਲ ਸਿੰਘ ਗੜ੍ਹਦੀਵਾਲਾ ਅਤੇ ਸ਼ੁਭਕਰਮਨ ਸਿੰਘ ਬਰਾੜ ਨੇ ਕਿਹਾ ਕਿ ਕਰੋਨਾ ਕਾਲ ਤੋਂ ਹੀ ਨਿੱਜੀ ਟਰਾਂਸਪੋਰਟ ਸੈਕਟਰ ਤਬਾਹੀ ਦੇ ਕੰਢੇ ’ਤੇ ਆਇਆ ਹੋਇਆ ਹੈ। ਉਨ੍ਹਾਂ ਦੀ ਮੰਗ ਹੈ ਕਿ ਟਰਾਂਸਪੋਰਟ ਖੇਤਰ ਨੂੰ ਬਚਾਉਣ ਅਤੇ ਟੈਕਸ ਘਟਾਉਣ ਲਈ ਮੁੱਖ ਮੰਤਰੀ ਤੁਰੰਤ ਦਖ਼ਲ ਦੇਣ। ਉਨ੍ਹਾਂ ਕਿਹਾ ਕਿ ਬੱਸ ਟਰਾਂਸਪੋਰਟ ਕਾਰੋਬਾਰ ਇਸ ਵੇਲੇ ਵੱਡੇ ਘਾਟੇ ਦਾ ਸ਼ਿਕਾਰ ਹੋ ਚੁੱਕਾ ਹੈ। ਟਰਾਂਸਪੋਰਟ ਇੰਡਸਟਰੀ ਨੂੰ ਘਾਟੇ ਵਿੱਚੋਂ ਕੱਢਣ ਲਈ ਵੱਡੀ ਰਾਹਤ ਦੀ ਲੋੜ ਹੈ। ਟਰਾਂਸਪੋਰਟਰਾਂ ਨੇ ਪੰਜਾਬ ਵਿੱਚੋਂ ਟਰਾਂਸਪੋਰਟ ਮਾਫ਼ੀਆ ਨੂੰ ਨੱਥ ਪਾਉਣ ਦੀ ਕੀਤੀ ਗਈ ਸ਼ੁਰੂਆਤ ਦਾ ਸਵਾਗਤ ਕੀਤਾ ਪਰ ਨਾਲ ਹੀ ਨਿੱਜੀ ਟਰਾਂਸਪੋਟਰਾਂ ਦੀ ਸੁਣਵਾਈ ਨਾ ਹੋਣ ’ਤੇ ਵਿਰੋਧ ਵੀ ਜਤਾਇਆ ਹੈ।
ਨਿੱਜੀ ਟਰਾਂਸਪੋਰਟਰਾਂ ਨੇ ਬਾਦਲਾਂ ਦਾ ਨਾਂ ਲਏ ਬਿਨਾਂ ਕਿਹਾ ਕਿ ਪਿਛਲੀਆਂ ਸੂਬਾ ਸਰਕਾਰਾਂ ਨੇ ਬੱਸਾਂ ਦੇ ਟਾਈਮ ਟੇਬਲ ਵਿੱਚ ਮਨਮਰਜ਼ੀ ਨਾਲ ਬਦਲਾਅ ਕਰ ਕੇ ਜਿਸ ਢੰਗ ਨਾਲ ਟਰਾਂਸਪੋਰਟ ਮਾਫੀਆ ਦੀ ਸਰਪ੍ਰਸਤੀ ਕੀਤੀ ਸੀ ਅਸਲ ਵਿੱਚ ਉਹ ਪੰਜਾਬ ਦੇ ਲੋਕਾਂ ਦੀ ਹੀ ਲੁੱਟ ਸੀ। ਉਨ੍ਹਾਂ ਕਿਹਾ ਕਿ ਟਾਈਮ ਟੇਬਲ ਦੀ ਸਮੱਸਿਆ ਦਾ ਹੱਲ ਕਰਨ ਲਈ 2018 ਦੀ ਪਾਲਿਸੀ ਅਨੁਸਾਰ ਪੰਜਾਬ ਰੋਡਵੇਜ਼, ਪੀਆਰਟੀਸੀ ਅਤੇ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਟਾਈਮ ਟੇਬਲ ’ਚ ਬਰਾਬਰ ਸਮਾਂ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕਰੋਨਾ ਕਾਲ ਦੌਰਾਨ ਅਤੇ ਵਧੇ ਹੋਏ ਡੀਜ਼ਲ ਰੇਟਾਂ ਕਾਰਨ ਟਰਾਂਸਪੋਰਟ ਇੰਡਸਟਰੀ ਵੱਡੇ ਘਾਟੇ ਵਿੱਚ ਜਾ ਚੁੱਕੀ ਹੈ ਜਿਸ ਕਾਰਨ ਮੋਟਰ ਵਹੀਕਲ ਟੈਕਸ ਦੇਣਾ ਅਸੰਭਵ ਹੋ ਚੁੱਕਾ ਹੈ।
ਹਫ਼ਤੇ ’ਚ ਦੋ ਦਿਨ ਔਰਤਾਂ ਨੂੰ ਮੁਫ਼ਤ ਸਫ਼ਰ ਸਹੂਲਤ ਦੇਣ ਲਈ ਨਿੱਜੀ ਬੱਸ ਅਪਰੇਟਰ ਤਿਆਰ
ਪੰਜਾਬ ਦੇ ਸਮੂਹ ਬੱਸ ਅਪਰੇਟਰਾਂ ਨੇ ਮੰਗ ਕੀਤੀ ਕਿ ਟਰਾਂਸਪੋਰਟ ਇੰਡਸਟਰੀ ਨੂੰ ਬਚਾਉਣ ਲਈ ਔਰਤਾਂ ਨੂੰ ਰੋਜ਼ਾਨਾ ਮੁਫਤ ਸਫ਼ਰ ਕਰਨ ਦੀ ਸਹੂਲਤ ਦੇਣ ਦੀ ਥਾਂ ਹਫਤੇ ਵਿਚ ਸਿਰਫ ਦੋ ਦਿਨ ਸ਼ਨਿਚਰਵਾਰ ਤੇ ਐਤਵਾਰ ਨੂੰ ਹੀ ਮੁਫਤ ਸਫ਼ਰ ਦੀ ਸਹੂਲਤ ਦਿੱਤੀ ਜਾਵੇ ਤੇ ਇਸ ਦੋ ਦਿਨ ਦੀ ਸਹੂਲਤ ਨੂੰ ਪੰਜਾਬ ਦੇ ਸਾਰੇ ਨਿੱਜੀ ਟਰਾਂਸਪੋਰਟਰ ਵੀ ਲਾਗੂ ਕਰਨ ਲਈ ਤਿਆਰ ਰਹਿਣਗੇ। ਇਸ ਮੌਕੇ ਹਰਦੀਪ ਸਿੰਘ, ਸੰਤੋਖ ਸਿੰਘ, ਗੁਰਿੰਦਰ ਸਿੰਘ ਸ਼ੇਰੋਂ, ਤਰਨਜੀਤ ਸਿੰਘ ਬਾਸੀ, ਇਕਬਾਲ ਸਿੰਘ, ਹਰਦੀਪ ਸਿੰਘ, ਕਲਵਿੰਦਰ ਗਰੇਵਾਲ, ਵਰਿੰਦਰ ਸਿੰਘ ਛੋਟੇਪੁਰ ਹਾਜ਼ਰ ਸਨ।