ਮਹਿੰਦਰ ਸਿੰਘ ਰੱਤੀਆਂ
ਮੋਗਾ, 29 ਅਗਸਤ
ਸਥਾਨਕ ਸਿਵਲ ਹਸਪਤਾਲ ਦੇ ਜੱਚਾ ਬੱਚਾ ਵਾਰਡ ’ਚ ਜਣੇਪੇ ਲਈ ਆਈ ਔਰਤ ਨੂੰ ਬੈੱਡ ਨਾ ਮਿਲਣ ਕਾਰਨ ਰਾਤ ਪਾਰਕਿੰਗ ’ਚ ਗੁਜ਼ਾਰਨੀ ਪਈ। ਇੱਕ ਹੋਰ ਔਰਤ ਵੱਲੋਂ ਜਣੇਪੇ ਮਗਰੋਂ ਸ਼ਗਨ ਨਾ ਦੇਣ ਤੋਂ ਉਸ ਨੂੰ ਫ਼ਰੀਦਕੋਟ ਰੈਫ਼ਰ ਕਰਨ ਦੀ ਧਮਕੀ ਤੋਂ ਵਿਵਾਦ ਇੰਨਾ ਵਧ ਗਿਆ ਕੇ ਲੰਘੀ ਅੱਧੀ ਰਾਤ ਲੋਕਾਂ ਨੇ ਹਸਪਤਾਲ ’ਚ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ।
ਇੱਥੇ ਜਣੇਪੇ ਲਈ ਆਈ ਪਿੰਡ ਰਣੀਆਂ ਦੀ ਪਰਮਜੀਤ ਕੌਰ ਨੇ ਦੱਸਿਆ ਕਿ ਉਸਦੀ ਫ਼ਾਈਲ ਜਮ੍ਹਾਂ ਹੋ ਚੁੱਕੀ ਹੈ ਅਤੇ ਜਣੇਪੇ ਲਈ ਸ਼ਨਿਚਰਵਾਰ ਸਵੇਰ ਦਾ ਸਮਾਂ ਦਿੱਤਾ ਗਿਆ ਸੀ। ਸ਼ੁੱਕਰਵਾਰ ਰਾਤ ਵੇਲੇ ਕਿਸੇ ਤਕਲੀਫ਼ ਕਾਰਨ ਉਹ ਹਸਪਤਾਲ ਦਾਖ਼ਲ ਹੋਣ ਲਈ ਆਏ ਸਨ। ਹਸਪਤਾਲ ਦੇ ਸਟਾਫ਼ ਨੇ ਕਿਹਾ ਕਿ ਉਹ ਰਾਤ ਜਿੱਥੇ ਮਰਜ਼ੀ ਕੱਟਣ ਉਨ੍ਹਾਂ ਕੋਲ ਬੈੱਡ ਨਹੀਂ ਹੈ, ਜਿਸ ਕਾਰਨ ਉਨ੍ਹਾਂ ਨੇ ਰਾਤ ਪਾਰਕਿੰਗ ’ਚ ਗੁਜ਼ਾਰੀ।
ਇਸੇ ਦੌਰਾਨ ਹੀ ਹਸਪਤਾਲ ਦੇ ਜੱਚਾ ਬੱਚਾ ਵਾਰਡ ’ਚ ‘ਆਪ’ ਆਗੂ ਅਮਿਤ ਪੁਰੀ ਦੀ ਰਿਸ਼ਤੇਦਾਰ ਔਰਤ ਰਾਜਵਿੰਦਰ ਕੌਰ ਨੇ ਪੁੱਤਰ ਨੂੰ ਜਨਮ ਦਿੱਤਾ। ਇਸ ਮੌਕੇ ਔਰਤ ਦੇ ਸਰੀਰ ’ਚ ਖੂਨ ਦੀ ਕਮੀ ਹੋ ਗਈ। ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਕਿ ਉਹ ਮਰੀਜ਼ ਦੀ ਹਾਲਤ ਬਾਰੇ ਸਟਾਫ਼ ਤੋਂ ਪੁੱਛਣ ਜਾਣ ਲੱਗੇ ਤਾਂ ਸੁਰੱਖਿਆ ਗਾਰਡ ਨਵਦੀਪ ਸਿੰਘ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ। ਜਦ ਬੱਚਾ ਦੇਖਣ ਲਈ ਸਟਾਫ਼ ਨੂੰ ਆਖਿਆ ਤਾਂ ਉਨ੍ਹਾਂ ਕੋਲੋਂ ਮਠਿਆਈ ਦਾ ਡੱਬਾ ਤੇ 11 ਸੌ ਰੁਪਏ ਸ਼ਗਨ ਦੀ ਮੰਗ ਕੀਤੀ ਗਈ। ਉਨ੍ਹਾਂ 500 ਰੁਪਏ ਦੇ ਦਿੱਤੇ ਪਰ ਸਟਾਫ਼ ਖੁਸ਼ ਨਾ ਹੋਇਆ ਤਾਂ ਵਿਵਾਦ ਵਧ ਗਿਆ। ਰਾਤ ਤਕਰੀਬਨ 11 ਵਜੇ ਹੋਰ ‘ਆਪ’ ਕਾਰਕੁਨ ਪਹੁੰਚ ਗਏ ਅਤੇ ਹਸਪਤਾਲ ’ਚ ਧਰਨਾ ਸ਼ੁਰੂ ਕਰਕੇ ਨਾਅਰੇਬਾਜ਼ੀ ਕੀਤੀ। ਸੂਚਨਾ ਮਿਲਦੇ ਹੀ ਸਿਟੀ ਪੁਲੀਸ ਅਤੇ ਸਿਹਤ ਅਧਿਕਾਰੀ ਵੀ ਪਹੁੰਚ ਗਏ। ਇਸ ਮੌਕੇ ਪੁਲੀਸ ਅਧਿਕਾਰੀਆਂ ਨੇ ਲੋਕਾਂ ਨੂੰ ਸ਼ਾਂਤ ਕੀਤਾ।
ਗਾਰਡ ਦੀ ਹੋਰ ਥਾਂ ਬਦਲੀ ਕਰ ਦਿੱਤੀ: ਐੱਸਐੱਮਓ
ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜੇਸ਼ ਅੱਤਰੀ ਨੇ ਕਿਹਾ ਕਿ ਸੁਰੱਖਿਆ ਗਾਰਡ ਦੀ ਜੱਚਾ ਬੱਚਾ ਵਾਰਡ ’ਚੋਂ ਹੋਰ ਥਾਂ ਬਦਲੀ ਕਰ ਦਿੱਤੀ ਗਈ ਹੈ। ਹਸਪਤਾਲ ’ਚ ਮੋਗਾ ਤੋਂ ਇਲਾਵਾ ਫ਼ਿਰੋਜ਼ਪੁਰ ਤੇ ਲੁਧਿਆਣਾ ਜ਼ਿਲ੍ਹਿਆਂ ਦੀ ਹੱਦ ਨਾਲ ਲੱਗਦੇ ਪਿੰਡਾਂ ’ਚੋਂ ਜਣੇਪਾ ਕੇਸ ਆਉਣ ਨਾਲ ਕਈ ਵਾਰ ਮੁਸ਼ਕਲ ਆ ਜਾਂਦੀ ਹੈ।