ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 19 ਸਤੰਬਰ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅੱਜ ਇਥੇ ਸ੍ਰੀ ਅਕਾਲ ਤਖਤ ਵਿਖੇ ਬਰਤਾਨੀਆਂ ਦੀ ਮਹਾਰਾਣੀ ਮਰਹੂਮ ਐਲਿਜ਼ਾਬੈੱਥ ਦੋਇਮ ਦੀ ਆਤਮਿਕ ਸ਼ਾਂਤੀ ਸਬੰਧੀ ਅਰਦਾਸ ਕੀਤੀ ਗਈ। ਇਸ ਸਬੰਧ ਵਿੱਚ ਅਰਦਾਸ ਕਰਦਿਆਂ ਪਾਰਟੀ ਦੇ ਆਗੂ ਹਰਬੀਰ ਸਿੰਘ ਸੰਧੂ ਨੇ ਆਖਿਆ ਕਿ ਸ੍ਰੀ ਦਰਬਾਰ ਸਾਹਿਬ ’ਤੇ ਜੂਨ 1984 ਵਿੱਚ ਭਾਰਤੀ ਫੌਜ ਵੱਲੋਂ ਕੀਤੇ ਗਏ ਹਮਲੇ ਵੇਲੇ ਬਰਤਾਨੀਆ ਦੀਆਂ ਫੌਜਾਂ ਨੇ ਵੀ ਮਦਦ ਕੀਤੀ ਸੀ। ਉਨ੍ਹਾਂ ਦਾਅਵਾ ਕੀਤਾ ਕਿ 1997 ਵਿੱਚ ਜਦੋਂ ਮਹਾਰਾਣੀ ਇਥੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਵਾਸਤੇ ਆਈ ਸੀ ਤਾਂ ਉਨ੍ਹਾਂ ਉਸ ਵੇਲੇ ਸਮੂਹ ਸੰਗਤ ਤੋਂ ਇਸ ਸਬੰਧ ਵਿੱਚ ਮੁਆਫੀ ਮੰਗੀ ਸੀ। ਇਸੇ ਲਈ ਪਾਰਟੀ ਵੱਲੋਂ ਉਨ੍ਹਾਂ ਦੀ ਦੀ ਆਤਮਿਕ ਸ਼ਾਂਤੀ ਵਾਸਤੇ ਅਰਦਾਸ ਕੀਤੀ ਗਈ ਹੈ। ਅੱਜ ਦੇ ਇਸ ਅਰਦਾਸ ਸਮਾਗਮ ਵਿੱਚ ਇਸ ਮੌਕੇ ਪਾਰਟੀ ਕਾਰਕੁਨ ਅਮਰੀਕ ਸਿੰਘ ਨੰਗਲ, ਦਵਿੰਦਰ ਸਿੰਘ ਫ਼ਤਿਹਪੁਰ, ਪੁਸ਼ਪਿੰਦਰ ਕੌਰ ਗਿਲ, ਪ੍ਰਿਤਪਾਲ ਸਿੰਘ, ਮਨਜਿੰਦਰ ਸਿੰਘ ਮਲੀਆ ਤੇ ਹੋਰ ਸ਼ਾਮਲ ਸਨ। ਜ਼ਿਕਰਯੋਗ ਹੈ ਕਿ 1997 ਵਿੱਚ ਜਦੋਂ ਮਹਾਰਾਣੀ ਐਲਿਜ਼ਾਬੈਥ ਦੋਇਮ ਤੇ ਉਨ੍ਹਾਂ ਦਾ ਪਤੀ ਇਥੇ ਨਤਮਸਤਕ ਹੋਣ ਆਏ ਸਨ ਤਾਂ ਉਨ੍ਹਾਂ ਇਥੇ ਸ੍ਰੀ ਦਰਬਾਰ ਸਾਹਿਬ ਦੀ ਯਾਤਰੂ ਕਿਤਾਬ ਵਿੱਚ ਕੁਝ ਵੀ ਨਹੀਂ ਸੀ ਲਿਖਿਆ, ਸਗੋਂ ਦੋਵਾਂ ਵੱਲੋਂ ਸਿਰਫ਼ ਆਪਣੇ ਦਸਤਖ਼ਤ ਹੀ ਕੀਤੇ ਗਏ ਸਨ। ਸਗੋਂ ਉਹ ਗੁਰੂ ਘਰ ਵਿੱਚ ਜੁਰਾਬਾਂ ਪਾ ਕੇ ਨਤਮਸਤਕ ਹੋਈ ਸੀ, ਜਦਕਿ ਮਾਨ ਦਲ ਦੇ ਆਗੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਕੋਲ ਮਹਾਰਾਣੀ ਵਲੋਂ ਮੁਆਫ਼ੀ ਮੰਗਣ ਬਾਰੇ ਸਬੂਤ ਹਨ।