ਰਾਜਿੰਦਰ ਸਿੰਘ
ਡੇਰਾ ਬਾਬਾ ਨਾਨਕ, 30 ਨਵੰਬਰ
ਸਮਾਜਿਕ ਕਾਰਕੁਨ ਅਤੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਅੱਜ ਡੇਰਾ ਬਾਬਾ ਨਾਨਕ ਵਿੱਚ ਗੁਰੂ ਨਾਨਕ ਦੇਵ ਦੇ 551ਵੇਂ ਜਨਮ ਦਿਹਾੜੇ ਮੌਕੇ ਸੂਬਾ ਸਰਕਾਰ ਵੱਲੋਂ ਕਰਵਾਏ ਗਏ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਪੰਜਾਬ ਦੇ ਕਿਸਾਨਾਂ ਵੱਲੋਂ ਆਪਣੇ ਹੱਕਾਂ ਲਈ ਕੇਂਦਰ ਸਰਕਾਰ ਨਾਲ ਮੱਥਾ ਲਾਉੁਣ ਦੇ ਦ੍ਰਿੜ ਇਰਾਦਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨਾਲ ਮੱਥਾ ਲਾਉਣ ਲਈ ਅੱਜ ਕੋਈ ਵੀ ਸੂਬਾ ਸਰਕਾਰ, ਰਾਜਨੀਤਕ ਆਗੂ ਜਾਂ ਸਮਾਜਿਕ ਕਾਰਕੁਨ ਸੌ ਵਾਰ ਸੋਚਣਗੇ ਪਰ ਗੁਰੂ ਨਾਨਕ ਦੀ ਸਿੱਖਿਆ ’ਤੇ ਚੱਲ ਕੇ ਕਿਸਾਨਾਂ ਨੇ ਇਹ ਕਾਰਜ ਕਰਕੇ ਦਿਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਸ ਵੇਲੇ ਗੁਰੂ ਨਾਨਕ ਨੇ ਵੀ ਬਾਬਰ ਨੂੰ ਵੰਗਾਰਿਆ ਸੀ।
ਸ੍ਰੀ ਭੂਸ਼ਣ ਨੇ ਕਿਹਾ ਕਿ ਉਹ ਆਪ ਭਾਵੇਂ ਸਿੱਖ ਨਹੀਂ ਪਰ ਉਨ੍ਹਾਂ ਦੀ ਪਤਨੀ ਸਿੱਖ ਪਰਿਵਾਰ ’ਚੋਂ ਹੈ। ਇਸ ਲਈ ਉਨ੍ਹਾਂ ਨੇ ਪਤਨੀ ਕੋਲੋਂ ਸਿੱਖਾਂ ਦੀਆਂ ਨਾ-ਇਨਸਾਫੀ ਵਿਰੁੱਧ ਡਟਣ ਦੀਆਂ ਕਈ ਮਿਸਾਲਾਂ ਸੁਣੀਆਂ ਹਨ। ਉਨ੍ਹਾਂ ਦੱਸਿਆ ਕਿ ਅੱਜ ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਅਸਿੱਧੇ ਲਾਭ ਪਹੁੰਚਾਉਣ ਲਈ ‘ਧੱਕੇ ਨਾਲ ਈਨ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਪੰਜਾਬ ਦੇ ਕਿਸਾਨਾਂ ਨੇ ਜਿਸ ਤਰ੍ਹਾਂ ਦਿੱਲੀ ਵੱਲ ਜਾਣ ਦੌਰਾਨ ਅਨੇਕਾਂ ਅੜਿੱਕੇ ਪਾਰ ਕੀਤੇ ਹਨ, ਉਹ ਕੋਈ ਛੋਟੀ ਗੱਲ ਨਹੀਂ। ਉਨ੍ਹਾਂ ਗੁਰੂ ਨਾਨਕ ਦੇਵ ਵੱਲੋਂ ਲੰਗਰ ਪ੍ਰਥਾ ਚਲਾਉਣ ਅਤੇ ਅੱਜ ਸਿੱਖਾਂ ਵੱਲੋਂ ਇਸ ਪ੍ਰਥਾ ਨੂੰ ਪੰਜਾਬ ਤੋਂ ਭਾਰਤ ਅਤੇ ਹੁਣ ਵਿਸ਼ਵ ਵਿੱਚ ਲਿਜਾਣ ਦੀ ਸ਼ਲਾਘਾ ਕੀਤੀ।