ਸਰਬਜੀਤ ਸਿੰਘ ਭੰਗੂ
ਪਟਿਆਲਾ, 24 ਦਸੰਬਰ
ਬਿਨਾਂ ਸ਼ੱਕ ਬਿਜਲੀ ਅਦਾਰੇ ਵਿੱਚ ਈਮਾਨਦਾਰ ਅਫ਼ਸਰ ਅਤੇ ਮੁਲਾਜ਼ਮ ਵੀ ਮੌਜੂਦ ਹਨ, ਪਰ ਇਸ ਅਦਾਰੇ ਨੂੰ ਭ੍ਰਿਸ਼ਟਾਚਾਰ ਵਰਗੇ ਸੰਗੀਨ ਦੋਸ਼ਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਇਸ ਗੱਲ ’ਤੇ ਪਾਵਰਕੌਮ ਦੇ ਸੀਐੱਮਡੀ ਇੰਜਨੀਅਰ ਬਲਦੇਵ ਸਿੰਘ ਸਰਾਂ ਨੇ ਵੀ ਮੋਹਰ ਲਾ ਦਿੱਤੀ ਹੈ। ਬੀਤੇ ਕੱਲ੍ਹ ਹਾਲੇ ਉਨ੍ਹਾਂ ਨੇ ਸੀਐੱਮਡੀ ਵਜੋਂ ਅਹੁਦਾ ਵੀ ਨਹੀਂ ਸੀ ਸੰਭਾਲਿਆ ਕਿ ਕਈ ਅਫ਼ਸਰਾਂ ਨੇ ਮਆਈਦਾਰ (ਵਧੀਆ) ਪੋਸਟਾਂ ’ਤੇ ਲੱਗਣ ਲਈ ਸਰਕਾਰ ਵਿਚਲੀਆਂ ਉੱਚ ਸ਼ਖਸ਼ੀਅਤਾਂ ਅਤੇ ਉੱਚੀ ਪਹੁੰਚ ਰੱਖਣ ਵਾਲੇ ਹੋਰ ਵਿਅਕਤੀਆਂ ਆਦਿ ਤੋਂ ਸ਼ਿਫਾਰਸ਼ਾਂ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ। ਇਥੋਂ ਤੱਕ ਕਿ ਦਬਾਅ ਵੀ ਪਵਾਇਆ ਗਿਆ।
ਇਸ ਗੱਲ ਦਾ ਖੁਲਾਸਾ ਸ੍ਰੀ ਸਰਾ ਨੇ ਖ਼ੁਦ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀ ਆਪਣੀ ਇਕ ਲਿਖਤ (ਪੋਸਟ) ਦੌਰਾਨ ਕੀਤਾ, ਜਿਸ ’ਚ ਉਨ੍ਹਾਂ ਲਿਖਿਆ ਹੈ ਕਿ ਬਿਜਲੀ ਮਹਿਕਮੇ ਦੇ ਬਹੁਤ ਸਾਰੇ ਅਫ਼ਸਰਾਂ ਨੇ ‘ਮਲਾਈਦਾਰ’ ਪੋਸਟਾਂ ’ਤੇ ਨਿਗਾਹ ਟਿਕਾਈ ਹੋਈ ਹੈ। ਅਜਿਹੇ ਕਈ ਭੱਦਰਪੁਰਸ਼ਾਂ ਨੇ ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਉਨ੍ਹਾਂ ਕੋਲ ਸਿਫ਼ਾਰਸ਼ਾਂ ਕਰਵਾਉਣ ’ਤੇ ਜ਼ੋਰ ਲਾਈ ਰੱਖਿਆ।
ਅਜਿਹੇ ਰੁਝਾਨ ’ਤੇ ਨਿਰਾਸ਼ਾ ਜ਼ਾਹਰ ਕਰਦਿਆਂ, ਸ੍ਰੀ ਸਰਾਂ ਨੇ ਅਜਿਹੀਆਂ ਸ਼ਿਫਾਰਸ਼ਾਂ ਕਰਵਾਉਣ ਵਾਲਿਆਂ ਨੂੰ ਲਾਹਨਤਾਂ ਵੀ ਪਾਈਆਂ। ਉਨ੍ਹਾਂ ਦਾ ਤਰਕ ਸੀ ਕਿ ਉਹ ਆਪਣੇ ਇਸ ਅਦਾਰੇ ’ਚ ਭ੍ਰਿਸ਼ਟਾਚਾਰ ਵਧਾਉਣ ਨਹੀਂ, ਬਲਕਿ ਘਟਾਉਣ ਆਏ ਹਨ। ਇਨ੍ਹਾਂ ਭਦਰਪੁਰਸ਼ਾਂ ਦੀ ਅਜਿਹੀ ‘ਹਿੰਮਤ’ ’ਤੇ ਤਨਜ਼ ਕੱਸਦਿਆਂ, ਸੀਐੱਮਡੀ ਨੇ ਕਿਹਾ ਕਿ ਜੇਕਰ ਇੰਨੀ ਫੁਰਤੀ ਮਹਿਕਮੇ ਅਤੇ ਲੋਕਾਂ ਦੇ ਕੰਮਾਂ ਲਈ ਵਿਖਾਈ ਜਾਵੇ, ਤਾਂ ਯਕੀਨਣ ਉਸਾਰੂ ਸਿੱਟੇ ਸਾਹਮਣੇ ਆ ਸਕਦੇ ਹਨ। ਉਨ੍ਹਾਂ ਹੋਰ ਲਿਖਿਆ ਹੈ ਕਿ ਸੁਖ ਜਾਂ ਸਹੂਲਤ ਲਈ ਕਿਸੇ ਸਟੇਸ਼ਨ ਦੀ ਥਾਂ ਕਿਸੇ ਵਿਸ਼ੇਸ਼ ਪੋਸਟ ਦੀ ਮੰਗ ਕਰਨਾ ਭ੍ਰਿਸ਼ਟ ਮਾਨਸਿਕਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਰਿਸ਼ਵਤਖੋਰੀ ਸਬੰਧੀ ਆਪਣਾ ਮਹਿਕਮਾ ਪਹਿਲਾਂ ਹੀ ਬਹੁਤ ਬਦਨਾਮ ਹੈ, ਸੋ ਚਾਹੀਦਾ ਇਹ ਹੈ ਕਿ ਆਪਾਂ ਇਸ ਬਦਨਾਮੀ ਨੂੰ ਘਟਾਉਣ ਲਈ ਆਪਣਾ ਅਸਰਦਾਰ ਯੋਗਦਾਨ ਪਾਉਣ ਬਾਰੇ ਸੋਚੀਏ। ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਪੋਸਟ ’ਚ ਉਨ੍ਹਾਂ ਨੇ ਉਹ ਲਿਖਿਆ ਹੈ, ਜੋ ਉਨ੍ਹਾਂ ਨਾਲ ਵਾਪਰਿਆ।