ਰਵੇਲ ਸਿੰਘ ਭਿੰਡਰ
ਪਟਿਆਲਾ, 11 ਅਪਰੈਲ
ਪਾਵਰਕੌਮ ਦੇ ਡਿਜੀਟਲ ਵਿਧੀ ਹੇਠ ਬਿਜਲੀ ਬਿੱਲ ਗ੍ਰਹਿਣ ਕਰਨ ਦੇ ਉਪਰਾਲੇ ਨੂੰ ਵੱਡਾ ਬਲ ਮਿਲਣ ਲੱਗਾ ਹੈ। ਸਾਲ 2020-21 ਦੌਰਾਨ ਪਾਵਰਕੌਮ ਨੂੰ ਡਿਜੀਟਲ ਲੈਣ ਦੇਣ ਜ਼ਰੀਏ 19,630 ਕਰੋੜ ਰੁਪਏ ਇਕੱਤਰ ਹੋਏ ਹਨ, ਜੋ ਡਿਜੀਟਲ ਭੁਗਤਾਨ ਪੱਖੋਂ ਨਵਾਂ ਰਿਕਾਰਡ ਹੈ। ਪਾਵਰਕੌਮ ਦੇ ਸੀਐੱਮਡੀ ਏ. ਵੇਣੂ ਪ੍ਰਸਾਦ ਨੇ ਦੱਸਿਆ ਕਿ ਅਦਾਰੇ ਵੱਲੋਂ ਆਪਣੇ ਖਪਤਕਾਰਾਂ ਤੇ ਹੋਰ ਲੈਣ-ਦੇਣ ਵਾਲਿਆਂ ਨੂੰ ਵੱਧ ਤੋਂ ਵੱਧ ਡਿਜੀਟਲ ਪ੍ਰਣਾਲੀ ਅਪਣਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ ਤੇ ਦਿਨ ਪ੍ਰਤੀ ਦਿਨ ਇਸ ਵਿਧੀ ਦੇ ਸਾਰਥਕ ਨਤੀਜੇ ਵੀ ਸਾਹਮਣੇ ਆ ਰਹੇ ਹਨ।
ਉਨ੍ਹਾਂ ਦੱਸਿਆ ਕਿ ਪੀਐੱਸਪੀਸੀਐੱਲ ਵੱਲੋਂ ਉਪਲਬਧ ਕੀਤੇ ਗਏ ਡਿਜੀਟਲ ਪਲੇਟਫਾਰਮਾਂ ਦੀ ਵਰਤੋਂ ਕਰਕੇ ਹੁਣ 75 ਫੀਸਦੀ ਤੋਂ ਵੱਧ ਰਕਮ ਡਿਜੀਟਲ ਤੌਰ ’ਤੇ ਪ੍ਰਾਪਤ ਹੋ ਰਹੀ ਹੈ। ਦੱਸਣਯੋਗ ਹੈ ਕਿ ਪਾਵਰਕੌਮ ਨੇ 2008 ਤੋਂ ਡਿਜੀਟਲ ਭੁਗਤਾਨ ਜ਼ਰੀਏ ਬਿਜਲੀ ਬਿੱਲਾਂ ਨੂੰ ਇਕੱਤਰ ਕਰਨਾ ਆਰੰਭਿਆ ਸੀ ਤੇ ਮਗਰਲੇ ਦੋ ਤਿੰਨ ਸਾਲਾਂ ’ਚ ਖਪਤਕਾਰਾਂ ਨੇ ਡਿਜੀਟਲ ਪ੍ਰਣਾਲੀ ਨੂੰ ਵੱਡੇ ਪੱਧਰ ’ਤੇ ਅਪਣਾਇਆ ਹੈ।
ਦੱਸਣਯੋਗ ਹੈ ਕਿ ਪਾਵਰਕੌਮ ਨੇ ਲੰਘੇ ਦਿਨੀਂ ਕੀਤੇ ਇੱਕ ਅਹਿਮ ਫੈਸਲੇ ’ਚ 20 ਹਜ਼ਾਰ ਰੁਪਏ ਤੋਂ ਉਪਰਲੇ ਬਿਜਲੀ ਬਿੱਲਾਂ ਦੀ ਰਕਮ ਡਿਜੀਟਲ ਮੋਡ ਜ਼ਰੀਏ ਭਰਨੀ ਜ਼ਰੂਰੀ ਕਰ ਦਿੱਤੀ ਹੈ। ਡਿਜੀਟਲ ਵਿਧੀ ਨੂੰ ਉਤਸ਼ਾਹਿਤ ਕਰਨ ਲਈ 0.25 ਫੀਸਦੀ ਰਿਆਇਤ ਦੇਣ ਦੀ ਵੀ ਨੀਤੀ ਬਣਾਈ ਜਾ ਰਹੀ ਹੈ। ਡਿਜੀਟਲ ਨੂੰ ਵੱਡੇ ਪੱਧਰ ’ਤੇ ਪ੍ਰਫੁੱਲਤ ਕਰਨ ਲਈ ਨਵੀਂ ਰਿਆਇਤ ਵਿਧੀ ਪਹਿਲੀ ਜੁਲਾਈ 2021 ਤੋਂ ਲਾਗੂ ਹੋ ਰਹੀ ਹੈ। ਪਾਵਕਰੌਮ ਨੇ ਡਿਜੀਟਲ ਭੁਗਤਾਨ ਲਈ ਇਸ ਸਾਲ ਹੀ ਸੌ ਫੀਸਦੀ ਟੀਚਾ ਰੱਖਿਆ ਹੋਇਆ ਹੈ ਤੇ ਇਸ ਟੀਚੇ ਨੂੰ ਸਰ ਕਰਨ ਲਈ ਵੱਡੀਆਂ ਕੋਸ਼ਿਸ਼ਾਂ ਵੀ ਆਰੰਭੀਆਂ ਹੋਈਆਂ ਹਨ।