ਪੱਤਰ ਪ੍ਰੇਰਕ
ਰੂਪਨਗਰ/ਘਨੌਲੀ, 26 ਜੂਨ
ਪਾਵਰਕੌਮ ਨੇ ਪੰਜਾਬ ਵਿੱਚ ਅੱਜ ਬਿਜਲੀ ਦੀ ਮੰਗ 13000 ਮੈਗਾਵਾਟ ਤੋਂ ਟੱਪਣ ਕਾਰਨ ਪਣ ਬਿਜਲੀ ਘਰਾਂ ਅਤੇ ਥਰਮਲ ਪਲਾਂਟਾਂ ’ਚ ਬਿਜਲੀ ਉਤਪਾਦਨ ਵਧਾ ਦਿੱਤਾ ਹੈ। ਅੱਜ ਥਰਮਲ ਪਲਾਂਟ ਰੂਪਨਗਰ ਦੇ ਚਾਰੋਂ ਯੁੂਨਿਟਾਂ ਰਾਹੀਂ 617 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਗਿਆ।
ਇਸੇ ਕੜੀ ਤਹਿਤ ਜ਼ਿਲ੍ਹਾ ਰੂਪਨਗਰ ਦੀ ਸ੍ਰੀ ਆਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ’ਤੇ ਨੱਕੀਆਂ ਅਤੇ ਕੋਟਲਾ ਪਾਵਰ ਹਾਊਸ ਵਿੱਚ ਲੱਗੇ 134 ਮੈਗਾਵਾਟ ਦੇ ਚਾਰ ਪਣ ਬਿਜਲੀ ਘਰਾਂ ਰਾਹੀਂ 120 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ।
ਥਰਮਲ ਪਲਾਂਟ ਰੂਪਨਗਰ ਦਾ ਤਕਨੀਕੀ ਨੁਕਸ ਕਾਰਨ ਬੰਦ ਹੋਇਆ 3 ਨੰਬਰ ਯੁੂਨਿਟ ਵੀ ਇੰਜਨੀਅਰਾਂ ਦੀ ਟੀਮ ਨੇ ਚਾਲੂ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਐਤਵਾਰ ਨੂੰ 840 ਮੈਗਾਵਾਟ ਦੀ ਸਮਰੱਥਾ ਵਾਲੇ ਥਰਮਲ ਪਲਾਂਟ ਰੂਪਨਗਰ ਦੇ ਚਾਰੋਂ ਯੁੂਨਿਟਾਂ ਰਾਹੀਂ 617 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਗਿਆ। ਇਨ੍ਹਾਂ ਵਿੱਚੋਂ ਯੁੂਨਿਟ ਨੰਬਰ-3 ਤੋਂ 152 ਮੈਗਾਵਾਟ, ਯੁੂਨਿਟ ਨੰਬਰ-4 ਤੋਂ 158 ਮੈਗਾਵਾਟ, ਯੁੂਨਿਟ ਨੰਬਰ-5 ਤੋਂ 152 ਮੈਗਾਵਾਟ ਅਤੇ ਯੁੂਨਿਟ ਨੰਬਰ-6 ਰਾਹੀਂ 155 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ।