ਪੱਤਰ ਪ੍ਰੇਰਕ
ਜਲੰਧਰ, 4 ਨਵੰਬਰ
ਪਾਵਰਕੌਮ ਠੇਕਾ ਕਾਮਿਆਂ ਦੀ ਜਥੇਬੰਦੀ ਵੱਲੋਂ ਵਿਭਾਗ ਵਿੱਚ ਬਾਹਰੋਂ ਸਿੱਧੀ ਭਰਤੀ ਕਰਨ ਦੇ ਫ਼ੈਸਲੇ ਦੇ ਵਿਰੋਧ ਵਿੱਚ ਪਟਿਆਲਾ ਸਥਿਤ ਪਾਵਰਕੌਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਮੁੱਖ ਦਫ਼ਤਰ ਵਿੱਚ ਪਿਛਲੇ ਛੱਤੀ ਘੰਟਿਆਂ ਤੋਂ ਪਰਿਵਾਰਾਂ ਸਣੇ ਧਰਨਾ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਅੱਜ ਉਕਤ ਜਥੇਬੰਦੀ ਦੇ ਆਗੂਆਂ ਦੀ ਮੀਟਿੰਗ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨਾਲ ਹੋਈ, ਜਿਸ ਦੌਰਾਨ ਮੁਲਾਜ਼ਮ ਆਗੂਆਂ ਵੱਲੋਂ ਮੰਗ ਰੱਖੀ ਗਈ ਕਿ ਜਿਨ੍ਹਾਂ ਅਸਾਮੀਆਂ ਲਈ ਬਾਹਰੋਂ ਭਰਤੀ ਕੀਤੀ ਜਾਣੀ ਹੈ, ਪਹਿਲਾਂ ਉਨ੍ਹਾਂ ‘ਤੇ ਕੰਮ ਕਰਨ ਵਾਲੇ ਠੇਕਾ ਆਧਾਰਿਤ ਕਾਮਿਆਂ ਨੂੰ ਵਿਭਾਗ ਵਿੱਚ ਲਿਆ ਕੇ ਪੱਕਾ ਕੀਤਾ ਜਾਵੇ ਅਤੇ 1948 ਐਕਟ ਮੁਤਾਬਕ ਘੱਟੋ ਘੱਟੋ ਗੁਜ਼ਾਰੇਯੋਗ ਤਨਖਾਹ 25010 ਰੁਪਏ ਕੀਤੀ ਜਾਵੇ।