ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 3 ਸਤੰਬਰ
ਪਾਵਰਕੌਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੇ ਚੱਲਦਿਆਂ ਸੂਬਾ ਸਰਕਾਰ ਨੇ ਠੇਕਾ ਕਾਮਿਆਂ ਦੀਆਂ ਸਾਰੀਆਂ ਜਾਇਜ਼ ਮੰਗਾਂ ਪ੍ਰਵਾਨ ਕਰਨ ਦਾ ਭਰੋਸਾ ਦਿੱਤਾ ਹੈ। ਮੁਹਾਲੀ ਦੇ ਕਿਰਤ ਭਵਨ ਵਿੱਚ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਹੋਈ ਪੈਨਲ ਮੀਟਿੰਗ ਵਿੱਚ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ’ਤੇ ਚਰਚਾ ਕਰਦਿਆਂ ਪਾਵਰਕੌਮ ਦੇ ਬਰਖ਼ਾਸਤ ਠੇਕਾ ਕਾਮਿਆਂ ਦੀ ਬਹਾਲੀ, ਛਾਂਟੀ ਨੀਤੀ ਨੂੰ ਰੱਦ ਕਰਨ ਸਮੇਤ ਡਿਊਟੀ ਦੌਰਾਨ ਫੌਤ ਅਤੇ ਅਪਾਹਜ ਹੋਏ ਮੁਲਾਜ਼ਮਾਂ ਦੇ ਪੀੜਤ ਪਰਿਵਾਰਾਂ ਨੂੰ ਯੋਗ ਮੁਆਵਜ਼ਾ ਦੇਣ ਦੀ ਮੰਗ ਮਨਜ਼ੂਰ ਕੀਤੀ ਗਈ। ਕਿਰਤ ਮੰਤਰੀ ਨੇ ਕਿਹਾ ਕਿ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਬੰਧੀ ਪ੍ਰਕਿਰਿਆ ਜਾਰੀ ਹੈ। ਪੰਜਾਬ ਵਿੱਚ ਕਰੋਾ ਮਗਰੋਂ ਮਾਹੌਲ ਸੁਖਾਵਾਂ ਹੋਣ ’ਤੇ ਕੈਬਨਿਟ ਸਬ ਕਮੇਟੀ ਵੱਲੋਂ ਪਹਿਲ ਦੇ ਆਧਾਰ ’ਤੇ ਠੇਕਾ ਕਾਮਿਆਂ ਦੀਆਂ ਮੰਗਾਂ ’ਤੇ ਗੌਰ ਕੀਤੀ ਜਾਵੇਗੀ।