ਜੋਗਿੰਦਰ ਸਿੰਘ ਮਾਨ
ਮਾਨਸਾ, 18 ਅਕਤੂਬਰ
ਪੰਜਾਬ ਵਿੱਚ ਮੀਂਹ ਪੈਣ ਨਾਲ ਹੋਈ ਠੰਢ ਨੇ ਬਿਜਲੀ ਦੀ ਮੰਗ ਘਟਾ ਦਿੱਤੀ ਹੈ ਤੇ ਸੂਬੇ ਵਿਚਲੇ ਬਿਜਲੀ ਸੰਕਟ ਨੂੰ ਸੁੱਖ ਦਾ ਸਾਹ ਆਇਆ ਹੈ ਪਰ ਅੱਜ ਲਗਾਤਾਰ ਦੂਜੇ ਦਿਨ ਰਾਜ ਵਿਚਲੇ ਸਰਕਾਰੀ ਤਾਪ ਘਰਾਂ ਦਾ ਕੋਈ ਵੀ ਯੂਨਿਟ ਭਖ ਨਹੀਂ ਸਕਿਆ। ਪੰਜਾਬ ਵਿੱਚ ਅੱਜ ਸਾਰੀ ਬਿਜਲੀ ਨਿੱਜੀ ਭਾਈਵਾਲ ਤਾਪ ਘਰਾਂ ਵੱਲੋਂ ਸਪਲਾਈ ਕੀਤੀ ਗਈ, ਜਿਨ੍ਹਾਂ ਵਿੱਚ ਮਾਨਸਾ ਨੇੜਲੇ ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਤਿੰਨੇ ਯੂਨਿਟਾਂ ਵੱਲੋਂ 1129 ਮੈਗਾਵਾਟ ਬਿਜਲੀ ਸਪਲਾਈ ਕੀਤੀ ਗਈ, ਜਦਕਿ ਐਲ ਐਂਡ ਟੀ ਰਾਜਪੁਰਾ ਦੇ ਦੋਨੋਂ ਯੂਨਿਟਾਂ ਵੱਲੋਂ 1253 ਮੈਗਾਵਾਟ ਬਿਜਲੀ ਪੈਦਾਵਾਰ ਕਰਕੇ ਰਾਜ ਭਰ ’ਚ ਲੱਗਣ ਵਾਲੇ ਕੱਟਾਂ ਤੋਂ ਆਮ ਲੋਕਾਂ ਨੂੰ ਰਾਹਤ ਦਿਵਾਈ।ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐੱਸਪੀਐੱਲ) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅੱਜ ਤਾਪ ਘਰ ਵਿਚਲੇ ਯੂਨਿਟ ਨੰਬਰ-1 ਵੱਲੋਂ 318, ਯੂਨਿਟ-2 ਵੱਲੋਂ 421 ਅਤੇ ਯੂਨਿਟ-3 ਵੱਲੋਂ 402 ਮੈਗਾਵਾਟ ਬਿਜਲੀ ਸਪਲਾਈ ਕੀਤੀ ਗਈ। ਇਸੇ ਤਰ੍ਹਾਂ ਐੱਲ ਐਂਡ ਟੀ ਤਾਪ ਘਰ ਰਾਜਪੁਰਾ ਵੱਲੋਂ ਯੂਨਿਟ ਨੰਬਰ-1 ਤੋਂ 633 ਮੈਗਾਵਾਟ ਅਤੇ ਯੂਨਿਟ ਨੰਬਰ-2 ਤੋਂ 628 ਮੈਗਾਵਾਟ ਬਿਜਲੀ ਪ੍ਰਾਪਤ ਕੀਤੀ ਗਈ ਹੈ। ਇਸ ਤਾਪ ਘਰ ਵੱਲੋਂ ਲਗਭਗ 1233 ਮੈਗਾਵਾਟ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ। ਇਸੇ ਦੌਰਾਨ ਜੀਵੀਕੇ ਗੋਇੰਦਵਾਲ ਦਾ ਇੱਕ ਯੂਨਿਟ ਕੱਲ੍ਹ ਛੁੱਟੀ ਕਰ ਗਿਆ ਤੇ ਇਸ ਦੇ ਯੂਨਿਟ ਨੰਬਰ-1 ਵੱਲੋਂ ਅੱਜ 151 ਮੈਗਾਵਾਟ ਬਿਜਲੀ ਸਪਲਾਈ ਦਿੱਤੀ ਗਈ। ਦੂਜੇ ਪਾਸੇ ਹਾਈਡਰੋ ਪਾਵਰ ਸਟੇਸ਼ਨਾਂ ਤੋਂ ਅੱਜ 325 ਮੈਗਾਵਾਟ ਬਿਜਲੀ ਹਾਸਲ ਕੀਤੀ ਜਾ ਰਹੀ ਹੈ, ਜਦਕਿ ਬੀਤੇ ਦਿਨ 397 ਮੈਗਾਵਾਟ ਬਿਜਲੀ ਹੀ ਹਾਸਲ ਹੋ ਸਕੀ ਸੀ। ਇਸੇ ਦੌਰਾਨ ਪੰਜਾਬ ਦੇ ਕਈ ਹਿੱਸਿਆਂ ’ਚ ਮੀਂਹ ਪੈਣ ਮਗਰੋਂ ਮੌਸਮ ਠੰਢਾ ਹੋਣ ਕਾਰਨ ਬਿਜਲੀ ਦੀ ਖਪਤ ਹੋਰ ਘਟੀ ਹੈ।