ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਅਪਰੈਲ
ਮੁੱਖ ਅੰਸ਼
- ਲਾਉਣੇ ਪੈ ਰਹੇ ਨੇ ਬਿਜਲੀ ਦੇ ਕੱਟ
- ਝੋਨੇ ਦਾ ਸੀਜ਼ਨ ਬਣ ਸਕਦਾ ਹੈ ‘ਆਪ’ ਸਰਕਾਰ ਲਈ ਚੁਣੌਤੀ
ਗਰਮੀ ਵਧਣ ਕਾਰਨ ਪੰਜਾਬ ’ਚ ਜਿੱਥੇ ਬਿਜਲੀ ਸੰਕਟ ਡੂੰਘਾ ਹੋ ਰਿਹਾ ਹੈ ਤੇ ਉੱਥੇ ਅੱਜ ਤਾਪ ਘਰਾਂ ਦੇ ਦੋ ਯੂਨਿਟ ਤਕਨੀਕੀ ਨੁਕਸ ਕਰਕੇ ਬੰਦ ਹੋ ਗਏ ਹਨ। ਇਨ੍ਹਾਂ ਯੂਨਿਟਾਂ ਦੇ ਬੰਦ ਹੋਣ ਨਾਲ ਬਿਜਲੀ ਸਪਲਾਈ ’ਚ ਤਿੰਨ ਦਿਨਾਂ ਲਈ ਕਰੀਬ 200 ਲੱਖ ਯੂਨਿਟ ਦੀ ਕਟੌਤੀ ਹੋ ਗਈ ਹੈ। ਤਲਵੰਡੀ ਸਾਬੋ ਤਾਪ ਘਰ ਤੇ ਰੋਪੜ ਥਰਮਲ ਦੀ ਇੱਕ-ਇੱਕ ਯੂਨਿਟ ਬੰਦ ਹੋ ਗਈ ਹੈ। ਇਨ੍ਹਾਂ ਦੇ ਠੀਕ ਹੋਣ ’ਚ ਕਰੀਬ ਤਿੰਨ ਦਿਨ ਦਾ ਸਮਾਂ ਲੱਗਣ ਦਾ ਅਨੁਮਾਨ ਹੈ। ਪਾਵਰਕੌਮ ਵੱਲੋਂ ਦੋ ਯੂਨਿਟ ਬੰਦ ਹੋਣ ਕਰਕੇ ਬਦਲਵੇਂ ਪ੍ਰਬੰਧ ਕਰਨੇ ਪੈ ਰਹੇ ਹਨ। ਹੁਣ ਗਰਮੀ ਕਰਕੇ ਬਿਜਲੀ ਦੀ ਵੱਧ ਤੋਂ ਵੱਧ ਮੰਗ ਪਿਛਲੇ ਵਰ੍ਹੇ ਨਾਲੋਂ 68 ਫ਼ੀਸਦੀ ਵੱਧ ਗਈ ਹੈ ਤਾਂ ਪਾਵਰਕੌਮ ਕੋਲ ਪਾਵਰ ਕੱਟ ਲਾਉਣ ਤੋਂ ਬਿਨਾਂ ਕੋਈ ਚਾਰਾ ਨਹੀਂ ਬਚਿਆ ਹੈ। ਅੱਜ ਪੰਜਾਬ ਦੇ ਦਿਹਾਤੀ ਅਤੇ ਖੇਤੀ ਸੈਕਟਰ ’ਚ ਬਿਜਲੀ ਦੇ ਕੱਟ ਲੱਗੇ ਹਨ ਅਤੇ ਖੇਤੀ ਨੂੰ ਢੁੱਕਵੀਂ ਬਿਜਲੀ ਸਪਲਾਈ ਨਹੀਂ ਦਿੱਤੀ ਜਾ ਸਕੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਬੀਤੇ ਦਿਨ ਪੰਜਾਬ ਵਿੱਚ ਬਿਜਲੀ ਦੀ ਵੱਧ ਤੋਂ ਵੱਧ ਮੰਗ 8150 ਮੈਗਾਵਾਟ ਸੀ ਜਦਕਿ ਬੀਤੇ ਵਰ੍ਹੇ ਇਸੇ ਦਿਨ ਇਹ ਮੰਗ 5500 ਮੈਗਾਵਾਟ ਸੀ। ਇਸੇ ਤਰ੍ਹਾਂ ਪੰਜਾਬ ’ਚ ਬੀਤੇ ਦਿਨ ਬਿਜਲੀ ਖਪਤ 1740 ਲੱਖ ਯੂਨਿਟ ਸੀ ਜੋ ਪਿਛਲੇ ਵਰ੍ਹੇ ਇਸੇ ਦਿਨ 1106 ਲੱਖ ਯੂਨਿਟ ਸੀ। ਇਹ ਵਾਧਾ ਕਰੀਬ 57 ਫ਼ੀਸਦੀ ਬਣਦਾ ਹੈ। ਸਨਅਤੀ ਖੇਤਰ ’ਚ ਵੀ ਬਿਜਲੀ ਦੀ ਮੰਗ ਵਧੀ ਹੈ।
‘ਆਪ’ ਸਰਕਾਰ ਦਾ ਆਗਾਮੀ ਪਹਿਲਾ ਝੋਨੇ ਦਾ ਸੀਜ਼ਨ ਹੈ ਜਿਸ ਲਈ ਢੁੱਕਵੀਂ ਬਿਜਲੀ ਸਪਲਾਈ ਦੇਣਾ ਸਰਕਾਰ ਲਈ ਚੁਣੌਤੀ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨ ਮੱਦੇਨਜ਼ਰ ਕੇਂਦਰੀ ਊਰਜਾ ਮੰਤਰੀ ਆਰਕੇ ਸਿੰਘ ਨਾਲ ਦਿੱਲੀ ਵਿਚ ਮੀਟਿੰਗ ਕੀਤੀ ਹੈ। ਸੰਭਾਵਨਾ ਜਾਪ ਰਹੀ ਹੈ ਕਿ ਪਾਵਰਕੌਮ ਨੂੰ ਐਤਕੀਂ ਵੱਧ ਬਿਜਲੀ ਖ਼ਰੀਦਣੀ ਪਵੇਗੀ। ਹੁਣ ਤੱਕ ਕਰੀਬ 200 ਕਰੋੜ ਦੀ ਬਿਜਲੀ ਪਾਵਰਕੌਮ ਖ਼ਰੀਦ ਚੁੱਕਾ ਹੈ।
ਪਾਵਰਕੌਮ ਨੇ ਸੰਕਟ ਨਾਲ ਨਜਿੱਠਣ ਲਈ ਭਲਕ ਲਈ 120 ਲੱਖ ਯੂਨਿਟਾਂ ਦੀ ਖ਼ਰੀਦ ਕਰ ਲਈ ਹੈ। ਝੋਨੇ ਦੇ ਸੀਜ਼ਨ ਵਿਚ ਰਾਜ ਵਿਚ ਬਿਜਲੀ ਦੀ ਮੰਗ 15 ਹਜ਼ਾਰ ਮੈਗਾਵਾਟ ਤੱਕ ਪਹੁੰਚਣ ਦਾ ਅਨੁਮਾਨ ਹੈ। ਇੱਕ ਨਜ਼ਰ ਮਾਰੀਏ ਤਾਂ ਲਹਿਰਾ ਮੁਹੱਬਤ ਤਾਪ ਘਰ ਦੇ ਸਾਰੇ ਯੂਨਿਟ ਚੱਲ ਰਹੇ ਹਨ ਜਦਕਿ ਰੋਪੜ ਦਾ ਇੱਕ ਯੂਨਿਟ ਜੋ ਸਾਲਾਨਾ ਮੁਰੰਮਤ ਲਈ ਬੰਦ ਸੀ, ਉਹ ਅੱਜ ਰਾਤ ਚੱਲ ਸਕਦਾ ਹੈ। ਤਲਵੰਡੀ ਸਾਬੋ ਥਰਮਲ ਦਾ ਇੱਕ ਯੂਨਿਟ 15 ਅਪਰੈਲ ਤੋਂ ਸਾਲਾਨਾ ਮੁਰੰਮਤ ਲਈ ਬੰਦ ਹੈ ਜਦਕਿ ਇੱਕ ਯੂਨਿਟ ਬੁਆਇਲਰ ਲੀਕ ਹੋਣ ਕਰਕੇ ਬੰਦ ਹੋ ਗਿਆ ਹੈ। ਰਾਜਪੁਰਾ ਥਰਮਲ ਦੇ ਦੋਵੇਂ ਯੂਨਿਟ ਅਤੇ ਗੋਇੰਦਵਾਲ ਤਾਪ ਘਰ ਦਾ ਇੱਕ ਯੂਨਿਟ ਚੱਲ ਰਿਹਾ ਹੈ।
ਕੋਲਾ ਸਪਲਾਈ ’ਚ ਹੋਇਆ ਸੁਧਾਰ
ਸੂਬੇ ਵਿੱਚ ਕੋਲਾ ਸਪਲਾਈ ’ਚ ਕੁਝ ਸੁਧਾਰ ਹੋਇਆ ਹੈ। ਬੀਤੇ ਦਿਨ ਪੰਜਾਬ ਨੂੰ ਕੋਲੇ ਦੇ 14 ਰੈਕ ਪ੍ਰਾਪਤ ਹੋਏ ਸਨ ਅਤੇ ਅੱਜ 15 ਰੈਕ ਲੋਡ ਹੋਏ ਹਨ। ਇਸ ਵੇਲੇ ਰੋਪੜ ਥਰਮਲ ਕੋਲ 8 ਦਿਨਾਂ ਦਾ, ਲਹਿਰਾ ਮੁਹੱਬਤ ਥਰਮਲ ਕੋਲ 5, ਤਲਵੰਡੀ ਸਾਬੋ ਥਰਮਲ ਕੋਲ 6, ਰਾਜਪੁਰਾ ਥਰਮਲ ਕੋਲ 20 ਅਤੇ ਗੋਇੰਦਵਾਲ ਥਰਮਲ ਕੋਲ 3 ਦਿਨਾਂ ਦਾ ਕੋਲਾ ਭੰਡਾਰ ਪਿਆ ਹੈ।
ਟਰਾਂਸਮਿਸ਼ਨ ਸਮਰੱਥਾ ’ਚ ਵਾਧਾ
‘ਆਪ’ ਸਰਕਾਰ ਲਈ ਇਹ ਰਾਹਤ ਵਾਲੀ ਖ਼ਬਰ ਹੈ ਕਿ ਪੰਜਾਬ ਦੀ ਟਰਾਂਸਮਿਸ਼ਨ ਸਮਰੱਥਾ ’ਚ ਵਾਧਾ ਹੋ ਗਿਆ ਹੈ। ਪਾਵਰ ਸਿਸਟਮ ਅਪਰੇਸ਼ਨ ਕਾਰਪੋਰੇਸ਼ਨ ਦੇ ਪੱਤਰ ਅਨੁਸਾਰ ਪਾਵਰਕੌਮ ਦੀ ਹੁਣ ਜੋ 7400 ਮੈਗਾਵਾਟ ਟਰਾਂਸਮਿਸ਼ਨ ਸਮਰੱਥਾ ਸੀ, ਉਹ ਵੱਧ ਕੇ ਹੁਣ 8500 ਮੈਗਾਵਾਟ ਹੋ ਜਾਣੀ ਹੈ।
ਤਲਵੰਡੀ ਸਾਬੋ ਤੇ ਰੋਪੜ ਤਾਪ ਘਰ ਦਾ ਇੱਕ-ਇੱਕ ਯੂਨਿਟ ਬੰਦ
ਮਾਨਸਾ (ਜੋਗਿੰਦਰ ਸਿੰਘ ਮਾਨ): ਮਾਨਸਾ ਦੇ ਪਿੰਡ ਬਣਾਂਵਾਲਾ ਵਿੱਚ ਪ੍ਰਾਈਵੇਟ ਭਾਈਵਾਲੀ ਤਹਿਤ ਲੱਗੇ ਤਾਪ ਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐੱਸਪੀਐੱਲ) ਦਾ ਦੂਜਾ ਯੂਨਿਟ ਵੀ ਅੱਜ ਬੰਦ ਹੋ ਗਿਆ। ਇਸ ਤੋਂ ਪਹਿਲਾਂ ਇਸ ਤਾਪ ਘਰ ਦਾ ਇੱਕ ਯੂਨਿਟ ਦੋ ਹਫ਼ਤਿਆਂ ਤੋਂ ਬੁਆਇਲਰ ਲੀਕ ਹੋਣ ਕਾਰਨ ਬੰਦ ਹੈ। 1980 ਮੈਗਾਵਾਟ ਦੇ ਇਸ ਤਾਪ ਘਰ ਤੋਂ ਅੱਜ 578 ਮੈਗਾਵਾਟ ਬਿਜਲੀ ਹੀ ਪੈਦਾ ਹੋ ਸਕੀ। ਪ੍ਰਾਪਤ ਜਾਣਕਾਰੀ ਮੁਤਾਬਕ ਤਲਵੰਡੀ ਸਾਬੋ ਤਾਪ ਘਰ ਦਾ ਯੂਨਿਟ ਨੰਬਰ-2 ਲਗਾਤਾਰ ਦੋ ਹਫ਼ਤਿਆਂ ਤੋਂ ਬੰਦ ਰਿਹਾ ਹੈ ਅਤੇ ਯੂਨਿਟ ਨੰਬਰ-3 ਅੱਜ ਕਿਸੇ ਤਕਨੀਕੀ ਨੁਕਸ ਕਾਰਨ ਬੰਦ ਹੋ ਗਿਆ। ਉੱਧਰ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦਾ ਇਕ ਹੋਰ ਯੂਨਿਟ ਅੱਜ ਬੰਦ ਹੋ ਗਿਆ। ਇਸ ਤਾਪ ਘਰ ਦਾ ਪਹਿਲਾਂ ਇੱਕ ਯੂਨਿਟ ਬੰਦ ਸੀ ਅਤੇ ਮੰਗਲਵਾਰ ਨੂੰ ਯੂਨਿਟ ਨੰਬਰ- 5 ਅਤੇ 6 ਵੀ ਛੁੱਟੀ ਕਰ ਗਏ, ਜਦਕਿ ਯੂਨਿਟ ਨੰਬਰ-3 ਅਤੇ 4 ਵੱਲੋਂ 382 ਮੈਗਾਵਾਟ ਬਿਜਲੀ ਹੀ ਪੈਦਾ ਕੀਤੀ ਗਈ ਹੈ। ਗੋਇੰਦਵਾਲ ਸਾਹਿਬ ਪਾਵਰ ਪਲਾਂਟ ਦਾ ਯੂਨਿਟ ਨੰਬਰ-1 ਅਜੇ ਵੀ ਬੰਦ ਹੈ ਅਤੇ ਇਸ ਦੇ ਯੂਨਿਟ ਨੰਬਰ-2 ਵੱਲੋਂ ਅੱਜ ਸਿਰਫ਼ 256 ਮੈਗਾਵਾਟ ਬਿਜਲੀ ਹੀ ਪੈਦਾ ਕੀਤੀ ਗਈ। ਮਾਲਵਾ ਖੇਤਰ ਦੇ ਇੱਕ ਵੱਡੇ ਤਾਪ ਘਰ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਚਾਰ ਯੂਨਿਟ ਕੰਮ ਕਰ ਰਹੇ ਹਨ। ਇਨ੍ਹਾਂ ਤੋਂ ਮੰਗਲਵਾਰ ਨੂੰ 691 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ, ਜਦਕਿ ਇਸ ਦੀ ਕੁੱਲ ਸਮਰੱਥਾ 920 ਮੈਗਾਵਾਟ ਹੈ। ਇਸੇ ਤਰ੍ਹਾਂ ਰਾਜਪੁਰਾ ਵਿੱਚ ਪ੍ਰਾਈਵੇਟ ਖੇਤਰ ਦੇ ਐੱਲ. ਐਂਡ. ਟੀ. ਕੰਪਨੀ ਦੇ ਤਾਪ ਘਰ ਨੇ 1400 ਮੈਗਾਵਾਟ ’ਚੋਂ 1347 ਮੈਗਾਵਾਟ ਬਿਜਲੀ ਪੈਦਾ ਕੀਤੀ ਹੈ। ਰਾਜ ਵਿੱਚ ਹਾਈਡਰੋ ਅਤੇ ਸੋਲਰ ਪਲਾਂਟ ਵੀ ਆਪਣੀ ਸਮਰੱਥਾ ਨਾਲੋਂ ਘੱਟ ਬਿਜਲੀ ਉਤਪਾਦਨ ਕਰ ਰਹੇ ਹਨ। ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਅਧਿਕਾਰੀ ਨੇ ਦੱਸਿਆ ਕਿ ਤਾਪ ਘਰ ਦੇ ਯੂਨਿਟ ਨੰਬਰ-3 ਦੇ ਭਲਕ ਤੱਕ ਚਾਲੂ ਹੋਣ ਦੀ ਸੰਭਾਵਨਾ ਹੈੈ।